ਕੁਆਰੰਟਾਈਨ ਦੀ ਬਜਾਏ ਪ੍ਰੀਖਿਆ ਕੇਂਦਰ 'ਚ ਡਿਊਟੀ ਦੇ ਰਿਹਾ ਅਧਿਆਪਕ ਨਿਕਲਿਆ ਕੋਰੋਨਾ ਪਾਜ਼ੇਟਿਵ
Saturday, Jun 27, 2020 - 01:12 PM (IST)
ਧੌਲਪੁਰ (ਵਾਰਤਾ)— ਰਾਜਸਥਾਨ ਦੇ ਧੌਲਪੁਰ ਜ਼ਿਲੇ ਵਿਚ ਇਕ ਸਰਕਾਰੀ ਅਧਿਆਪਕ ਹੋਮ ਕੁਆਰੰਟਾਈਨ ਵਿਚ ਜਾਣ ਦੀ ਬਜਾਏ ਸਕੂਲ ਵਿਚ ਪ੍ਰੀਖਿਆ ਕੇਂਦਰ 'ਤੇ ਡਿਊਟੀ ਦੇਣ ਚੱਲਾ ਗਿਆ, ਜਦਕਿ ਬਾਅਦ ਵਿਚ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਦਰਅਸਲ ਖੰਘ ਅਤੇ ਜ਼ੁਕਾਮ ਦੀ ਤਕਲੀਫ਼ ਤੋਂ ਬਾਅਦ ਉਕਤ ਸਰਕਾਰੀ ਅਧਿਆਪਕ ਨੇ ਹਸਪਤਾਲ 'ਚ ਜਾ ਕੇ ਕੋਰੋਨਾ ਜਾਂਚ ਲਈ ਨਮੂਨਾ ਦਿੱਤਾ ਅਤੇ ਹੋਮ ਕੁਆਰੰਟਾਈਨ ਨਾ ਰਹਿ ਕੇ ਦੋ ਦਿਨ ਤੱਕ 12ਵੀਂ ਬੋਰਡ ਦੀ ਪ੍ਰੀਖਿਆ 'ਚ ਬਾਡੀ ਅਗ੍ਰਸੇਨ ਸਕੂਲ ਪ੍ਰੀਖਿਆ ਕੇਂਦਰ 'ਤੇ ਅਧਿਆਪਕ ਦੇ ਰੂਪ ਵਿਚ ਡਿਊਟੀ ਦਿੱਤੀ। ਵੀਰਵਾਰ ਦੀ ਸ਼ਾਮ ਨੂੰ ਅਧਿਆਪਕ ਦੀ ਜਾਂਚ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਗਈ। ਜਿਸ ਤੋਂ ਬਾਅਦ ਪ੍ਰੀਖਿਆ ਕੇਂਦਰ ਦੇ ਹੋਰ ਸਟਾਫ ਮੈਂਬਰਾਂ ਦੇ ਨਾਲ-ਨਾਲ ਸਿੱਖਿਆ ਮਹਿਕਮੇ ਦੇ ਆਲਾ ਅਧਿਕਾਰੀਆਂ ਵਿਚ ਭਾਜੜਾਂ ਪੈ ਗਈਆਂ।
ਦੱਸ ਦੇਈਏ ਕਿ ਅਗ੍ਰਸੇਨ ਪ੍ਰੀਖਿਆ ਕੇਂਦਰ 'ਤੇ 12ਵੀਂ ਜਮਾਤ ਦੇ 231 ਵਿਦਿਆਰਥੀਆਂ ਨੇ ਹਿੰਦੀ ਸਾਹਿਤ ਦੀ ਪ੍ਰੀਖਿਆ ਦਿੱਤੀ ਸੀ। ਸਰਕਾਰੀ ਅਧਿਆਪਕ ਦੀ ਡਿਊਟੀ ਵੀ ਇਸ ਪ੍ਰੀਖਿਆ 'ਚ ਇਕ ਕਮਰੇ ਵਿਚ ਸੀ। ਕੇਂਦਰ ਸੁਪਰਡੈਂਟ ਵਿਸ਼ਨੂੰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੀੜਤ ਅਧਿਆਪਕ ਨੇ 22 ਅਤੇ 25 ਜੂਨ ਨੂੰ ਦੋ ਦਿਨ ਡਿਊਟੀ ਨਿਭਾਈ ਹੈ। ਪ੍ਰੀਖਿਆ ਕੇਂਦਰ ਵਿਚ ਜੋ ਵੀ ਵਿਦਿਆਰਥੀ ਅਤੇ ਸਟਾਫ ਆਉਂਦਾ ਹੈ, ਉਸ ਦੀ ਐਂਟਰੀ ਤੋਂ ਪਹਿਲਾਂ ਥਰਮਲ ਸਕ੍ਰੀਨਿੰਗ ਹੁੰਦੀ ਹੈ। ਅਧਿਆਪਕ ਦੀ ਵੀ ਸਕ੍ਰੀਨਿੰਗ ਹੋਈ ਸੀ ਪਰ ਉਸ 'ਚ ਤਾਪਮਾਨ ਆਮ ਸੀ। ਕੇਂਦਰ ਸੁਪਰਡੈਂਟ ਸ਼ਰਮਾ ਨੇ ਕਿਹਾ ਕਿ ਅਧਿਆਪਕ ਨੇ ਆਪਣਾ ਕੋਰੋਨਾ ਜਾਂਚ ਦਾ ਨਮੂਨਾ 22 ਜੂਨ ਨੂੰ ਦਿੱਤਾ ਸੀ ਪਰ ਉਸ ਨੇ ਇਸ ਦੀ ਸੂਚਨਾ ਨਾ ਕੇਂਦਰ ਨੂੰ ਦਿੱਤੀ ਅਤੇ ਨਾ ਹੀ ਸਿੱਖਿਆ ਮਹਿਕਮੇ ਦੇ ਕਿਸੇ ਅਧਿਕਾਰੀ ਨੂੰ। ਹੁਣ ਸਿਹਤ ਮਹਿਕਮੇ ਨੇ ਅਧਿਆਪਕ ਨੂੰ ਆਈਸੋਲੇਟ ਕਰ ਕੇ ਇਲਾਜ ਸ਼ੁਰੂ ਕਰਵਾ ਦਿੱਤਾ ਹੈ।