ਉਰਦੂ ਦੀ ਥਾਂ ਹਿੰਦੀ ਸ਼ਬਦਾਂ ਦੀ ਵਰਤੋਂ ਕਰੇਗੀ ਰਾਜਸਥਾਨ ਪੁਲਸ

Wednesday, Dec 18, 2024 - 08:46 PM (IST)

ਜੈਪੁਰ — ਰਾਜਸਥਾਨ ਦੀ ਭਾਜਪਾ ਸਰਕਾਰ ਪੁਲਸ ਵਿਭਾਗ 'ਚ ਆਮ ਤੌਰ 'ਤੇ ਵਰਤੇ ਜਾਂਦੇ ਉਰਦੂ ਸ਼ਬਦਾਂ ਦੀ ਬਜਾਏ ਹਿੰਦੀ ਸ਼ਬਦਾਂ ਦੀ ਵਰਤੋਂ ਕਰੇਗੀ। ਪੁਲਸ ਵਿਭਾਗ ਵੱਲੋਂ ਅਜਿਹੇ ਸ਼ਬਦਾਂ ਅਤੇ ਉਨ੍ਹਾਂ ਦੇ ਹਿੰਦੀ ਬਦਲਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਸਬੰਧੀ ਸੂਬੇ ਦੇ ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੇਦਮ ਦੇ ਪੱਤਰ ਤੋਂ ਬਾਅਦ ਪੁਲਸ ਹੈੱਡਕੁਆਰਟਰ ਨੇ ਅਜਿਹੇ ਸ਼ਬਦਾਂ ਅਤੇ ਇਨ੍ਹਾਂ ਦੇ ਹਿੰਦੀ ਬਦਲਾਂ ਬਾਰੇ ਜਾਣਕਾਰੀ ਲੈਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।

ਪੁਲਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਯੂ ਆਰ ਸਾਹੂ ਨੇ ਪਿਛਲੇ ਮਹੀਨੇ ਵਧੀਕ ਪੁਲਸ ਡਾਇਰੈਕਟਰ ਜਨਰਲ (ਸਿਖਲਾਈ) ਨੂੰ ਇੱਕ ਪੱਤਰ ਲਿਖ ਕੇ ਉਰਦੂ ਸ਼ਬਦਾਂ ਦੇ ਵੇਰਵੇ ਇਕੱਠੇ ਕਰਨ ਲਈ ਕਿਹਾ ਸੀ ਜੋ ਪੁਲਸ ਦੇ ਕੰਮ ਵਿੱਚ ਆਮ ਤੌਰ 'ਤੇ ਵਰਤੇ ਜਾਂਦੇ ਹਨ। ਉਨ੍ਹਾਂ ਹਦਾਇਤ ਕੀਤੀ ਸੀ ਕਿ ਉਹ ਇਹ ਪਤਾ ਲਗਾਉਣ ਕਿ ਪੁਲਿਸਿੰਗ ਵਿੱਚ ਕਿਹੜੇ ਉਰਦੂ ਸ਼ਬਦ ਵਰਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਥਾਂ 'ਤੇ ਕਿਹੜੇ ਹਿੰਦੀ ਸ਼ਬਦ ਢੁਕਵੇਂ ਹੋ ਸਕਦੇ ਹਨ। ਪੱਤਰ ਵਿੱਚ, ਉਨ੍ਹਾਂ ਨੇ ਸਾਰੇ ਸਿਖਿਆਰਥੀਆਂ ਨੂੰ ਨਵੇਂ ਹਿੰਦੀ ਸ਼ਬਦਾਂ ਬਾਰੇ ਜਾਣੂ ਕਰਵਾਉਣ, ਸਿਖਲਾਈ ਸਮੱਗਰੀ ਵਿੱਚੋਂ ਉਰਦੂ ਸ਼ਬਦਾਂ ਨੂੰ ਹਟਾਉਣ ਅਤੇ ਚੱਲ ਰਹੇ ਸਿਖਲਾਈ ਪ੍ਰੋਗਰਾਮਾਂ ਵਿੱਚ ਨਵੇਂ ਹਿੰਦੀ ਸ਼ਬਦਾਂ ਬਾਰੇ ਜਾਣਕਾਰੀ ਫੈਲਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਜ ਪੁਲਸ ਹੈੱਡਕੁਆਰਟਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਉਰਦੂ ਸ਼ਬਦਾਂ ਅਤੇ ਉਨ੍ਹਾਂ ਦੇ ਹਿੰਦੀ ਬਦਲਣ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਹੈ। ਉਧਰ ਕਾਂਗਰਸ ਦੇ ਜਨਰਲ ਸਕੱਤਰ ਸਵਰਨੀਮ ਚਤੁਰਵੇਦੀ ਨੇ ਇਸ ਕਵਾਇਦ ਨੂੰ ਲੈ ਕੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਅਣਉਚਿਤ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਅਜਿਹੀਆਂ ਹਦਾਇਤਾਂ ਦੀ ਬਜਾਏ ਅਮਨ-ਕਾਨੂੰਨ ਨੂੰ ਸੁਧਾਰਨ ਅਤੇ ਅਪਰਾਧਾਂ ਨੂੰ ਨੱਥ ਪਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ ਅਤੇ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੰਬੇ ਸਮੇਂ ਤੋਂ ਪ੍ਰਚਲਿਤ ਸ਼ਬਦਾਂ ਨੂੰ ਬਦਲਣ ਦੀ ਬਜਾਏ ਅਪਰਾਧਾਂ 'ਤੇ ਕਾਬੂ ਪਾਉਣ ਅਤੇ ਅਮਨ-ਕਾਨੂੰਨ ਦੀ ਬਹਾਲੀ ਲਈ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ। ਵਰਨਣਯੋਗ ਹੈ ਕਿ ਪੁਲਸ ਵਿਭਾਗ ਵਿੱਚ ਕਈ ਅਜਿਹੇ ਸ਼ਬਦ ਹਨ ਜੋ ਆਮ ਤੌਰ 'ਤੇ ਵਰਤੇ ਜਾਂਦੇ ਹਨ। 


Inder Prajapati

Content Editor

Related News