ਜੈਪੁਰ 'ਚ ਮੰਗ ਕੇ ਖਾਣ ਤੇ ਪਹਿਨਣ ਨੂੰ ਮਜ਼ਬੂਰ ਹੋਏ ਲੋਕ, ਮੀਂਹ 'ਚ ਡੁੱਬੀ ਬਸਤੀ ਦਾ ਦਰਦ ਬਿਆਨ ਕਰਦੀਆਂ ਤਸਵੀਰਾਂ
Tuesday, Aug 18, 2020 - 03:23 AM (IST)
ਜੈਪੁਰ - ਜੈਪੁਰ 'ਚ 4 ਦਿਨ ਪਹਿਲਾਂ ਹੋਈ ਭਾਰੀ ਮੀਂਹ ਦਾ ਦਿੱਲੀ ਰੋਡ ਸਥਿਤ ਗਣੇਸ਼ਪੁਰੀ ਬਸਤੀ 'ਤੇ ਸਭ ਤੋਂ ਜ਼ਿਆਦਾ ਅਸਰ ਪਿਆ। ਇੱਥੇ ਮੀਂਹ ਕਹਿਰ ਬਣ ਕੇ ਵਰ੍ਹਿਆ। ਪਾਣੀ ਦੇ ਤੇਜ਼ ਵਹਾਅ ਨਾਲ ਬਸਤੀ ਦੇ ਪਿੱਛੇ ਮਿੱਟੀ ਦੇ ਇੱਕ ਵੱਡੇ ਟੀਲੇ 'ਚ ਕਟਾਅ ਹੋਇਆ ਅਤੇ ਹਜ਼ਾਰਾਂ ਟਨ ਮਿੱਟੀ ਪਾਣੀ 'ਚ ਰੁੜ੍ਹ ਕੇ ਬਸਤੀ ਦੇ ਕਰੀਬ 100 ਤੋਂ ਜ਼ਿਆਦਾ ਘਰਾਂ 'ਚ ਵੜ ਗਈ। ਪਾਣੀ ਦੇ ਨਾਲ ਲੋਕਾਂ ਦੇ ਰੁਪਏ-ਪੈਸੇ, ਖਾਣ-ਪੀਣ ਦਾ ਸਾਮਾਨ, ਘਰੇਲੂ ਸਾਮਾਨ ਦੇ ਨਾਲ-ਨਾਲ ਬਾਇਕ-ਆਟੋ ਵੀ ਰੁੜ੍ਹ ਗਏ। ਸਰਕਾਰ ਅਤੇ ਪ੍ਰਸ਼ਾਸਨ ਨੇ ਵੀ ਇੱਥੇ ਦੇ ਲੋਕਾਂ ਦਾ ਸਾਥ ਨਹੀਂ ਦਿੱਤਾ। ਮਦਦ ਦੇ ਨਾਮ 'ਤੇ ਲੋਕਾਂ ਨੂੰ ਕੁੱਝ ਵੀ ਨਹੀਂ ਮਿਲਿਆ।
ਬਸਤੀ 'ਚ ਵੜ੍ਹਦੇ ਹੀ ਇੱਕ ਜੇ.ਸੀ.ਬੀ. ਅਤੇ ਡੰਪਰ ਖੜ੍ਹੇ ਨਜ਼ਰ ਆਏ। ਸਥਾਨਕ ਲੋਕਾਂ ਨੇ ਦੱਸਿਆ ਕਿ ਸੜਕ ਤੋਂ ਮਲਬਾ ਹਟਾਉਣ ਲਈ ਇਸ ਨੂੰ ਪ੍ਰਸ਼ਾਸਨ ਨੇ ਭੇਜਿਆ ਹੈ। ਪਰ ਕਈ ਘੰਟਿਆਂ ਬਾਅਦ ਵੀ ਡੰਪਰ ਅਤੇ ਜੇ.ਸੀ.ਬੀ. ਨੇ ਕੰਮ ਨਹੀਂ ਸ਼ੁਰੂ ਕੀਤਾ।
ਸੜਕਾਂ 'ਤੇ ਥਾਂ-ਥਾਂ ਆਟੋ ਰਿਕਸ਼ਾ, ਬਾਇਕ, ਕਾਰ, ਟੈਂਪੋ, ਟਰੈਕਟਰ ਅਤੇ ਹੋਰ ਘਰੇਲੂ ਸਾਮਾਨ ਮਿੱਟੀ 'ਚ ਵੜ੍ਹੇ ਹੋਏ ਸਨ। ਲੋਕ 1000-1200 ਰੁਪਏ ਦੇ ਕੇ ਨਿੱਜੀ ਕ੍ਰੇਨ ਦੀ ਮਦਦ ਨਾਲ ਵਾਹਨਾਂ ਨੂੰ ਬਾਹਰ ਕੱਢਵਾਉਣ ਨੂੰ ਮਜਬੂਰ ਹਨ। ਬਸਤੀ 'ਚ ਕਈ ਸਾਰੇ ਅਜਿਹੇ ਮਕਾਨ ਨਜ਼ਰ ਆਏ, ਜਿੱਥੇ ਲੋਕ ਘਰਾਂ ਤੋਂ ਮਿੱਟੀ ਕੱਢਣ 'ਚ ਲੱਗੇ ਹੋਏ ਸਨ। ਇਨ੍ਹਾਂ 'ਚ ਪਰਿਵਾਰ ਦੇ ਛੋਟੇ ਬੱਚੇ ਵੀ ਮਿੱਟੀ ਬਾਹਰ ਕੱਢਣ 'ਚ ਲੱਗੇ ਹੋਏ ਸਨ।
ਇੱਥੇ ਰਹਿਣ ਵਾਲੀ ਸ਼ੀਲਾਵਤੀ ਨੇ ਦੱਸਿਆ ਕਿ ਮੀਂਹ 'ਚ ਘਰ ਦਾ ਸਾਰਾ ਸਾਮਾਨ ਰੁੜ੍ਹ ਗਿਆ। ਪਰਿਵਾਰ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾ ਸਕਿਆ। ਜੇਕਰ ਆਸਪਾਸ ਦੇ ਲੋਕ ਅਤੇ ਸਿਵਲ ਡਿਫੈਂਸ ਵਾਲੇ ਸਮੇਂ 'ਤੇ ਮਦਦ ਨਹੀਂ ਕਰਦੇ ਤਾਂ ਸ਼ਾਇਦ ਅਸੀਂ ਵੀ ਰੁੜ੍ਹ ਜਾਂਦੇ। ਜਦੋਂ ਮੀਂਹ ਬੰਦ ਹੋਇਆ। ਉਦੋਂ ਵਾਪਸ ਆਏ ਤਾਂ ਘਰ 'ਚ ਕੁੱਝ ਨਹੀਂ ਬਚਿਆ ਸੀ। ਮਿੱਟੀ ਦਾ ਮਲਬਾ ਜੰਮ ਚੁੱਕਾ ਸੀ। ਪਛਾਣ ਹੀ ਨਹੀਂ ਆ ਰਿਹਾ ਸੀ ਕਿ ਇਹ ਆਪਣਾ ਹੀ ਘਰ ਹੈ। ਰੁਪਏ, ਪੈਸਾ, ਕੱਪੜੇ, ਭਾਂਡੇ, ਸਿਲੰਡਰ ਸੱਭ ਕੁਝ ਵਗ ਰੁੜ੍ਹ ਗਿਆ ਸੀ।
ਸ਼ੀਲਾਵਤੀ ਦੇ ਹੀ ਗੁਆਂਢ 'ਚ ਰਹਿਣ ਵਾਲੀ ਇੱਕ ਹੋਰ ਜਨਾਨੀ ਦਾ ਕਹਿਣਾ ਹੈ, ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਬਰਬਾਦ ਹੋ ਜਾਵਾਂਗੇ। ਇੱਕ-ਇੱਕ ਪੈਸਾ ਜੋੜ ਕੇ ਘਰ ਦਾ ਸਾਮਾਨ ਬਣਾਇਆ ਸੀ। ਸਭ ਕੁਝ ਰੁੜ੍ਹ ਗਿਆ। ਹੁਣ ਤਾਂ ਇੱਥੇ ਰਹਿਣ ਦੀ ਹਿੰਮਤ ਨਹੀਂ ਪੈਂਦੀ ਹੈ। ਉਨ੍ਹਾਂ ਦੀ ਗੋਦ 'ਚ ਬੱਚਾ ਰੋ ਰਿਹਾ ਸੀ। ਕਹਿੰਦੀ ਹੈ ਕਿ ਉਹ ਮੰਗ ਕੇ ਖਾਣ ਅਤੇ ਪਹਿਨਣ ਨੂੰ ਮਜ਼ਬੂਰ ਹਨ।
ਬਸਤੀ 'ਚ ਰਹਿਣ ਵਾਲੇ ਸਰਜੂ ਸਾਹੂ ਨੇ ਦੱਸਿਆ ਕਿ ਫਰਵਰੀ 'ਚ ਫਾਇਨੈਂਸ 'ਤੇ ਇੱਕ ਆਟੋ ਲਿਆ ਸੀ। ਮਾਰਚ 'ਚ ਲਾਕਡਾਊਨ ਲੱਗ ਗਿਆ। ਅਜੇ ਡੇਢ ਮਹੀਨੇ 'ਚ ਰੁਜ਼ਗਾਰ ਠੀਕ ਨਾਲ ਸ਼ੁਰੂ ਵੀ ਨਹੀਂ ਹੋਇਆ ਸੀ ਕਿ ਮੀਂਹ ਨੇ ਬਰਬਾਦ ਕਰ ਦਿੱਤਾ। ਮੀਂਹ 'ਚ ਆਟੋ ਤੇਜ਼ ਵਹਾਅ 'ਚ ਰੁੜ੍ਹ ਗਿਆ। ਤਲਾਸ਼ ਕਰਨ 'ਤੇ ਕਾਫੀ ਮੁਸ਼ਕਲ ਨਾਲ ਗਲੀ 'ਚ ਅੱਗੇ ਮਿੱਟੀ 'ਚ ਫਸਿਆ ਹੋਇਆ ਮਿਲਿਆ। 4 ਦਿਨ ਹੋ ਗਏ, ਮਿੱਟੀ 'ਚ ਹੀ ਫਸਿਆ ਹੈ। ਇਕੱਲੇ ਬਾਹਰ ਕੱਢਣਾ ਮੁਸ਼ਕਲ ਹੈ ਅਤੇ ਸਰਕਾਰੀ ਕ੍ਰੇਨ ਨਹੀਂ ਮਿਲ ਪਾ ਰਹੀ ਹੈ।
ਸਰਜੂ ਨੇ ਦੱਸਿਆ ਕਿ ਉਨ੍ਹਾਂ ਦੀ ਜੇਬ 'ਚ ਰੁਪਏ ਨਹੀਂ ਹੈ। ਇਸ ਲਈ ਉਹ ਆਪਣਾ ਆਟੋ ਵੀ ਨਹੀਂ ਕੱਢਵਾ ਪਾ ਰਿਹਾ ਹੈ। ਉੱਤੋਂ ਹੁਣ ਫਾਇਨੈਂਸ ਵਾਲੇ ਕਿਸ਼ਤ ਲਈ ਦਬਾਅ ਬਣਾ ਰਹੇ ਹਨ। ਸਰਜੂ ਨੇ ਮੰਗ ਕੀਤੀ ਹੈ ਕਿ ਸਰਕਾਰ ਤੋਂ ਉਨ੍ਹਾਂ ਨੂੰ ਆਰਥਿਕ ਮਦਦ ਮਿਲਣੀ ਚਾਹੀਦੀ ਹੈ, ਕਿਉਂਕਿ ਹੁਣ ਮੈਂ ਬੇਰੁਜ਼ਗਾਰ ਹੋ ਚੁੱਕਾ ਹਾਂ।