ਰਾਜਸਥਾਨ ''ਚ ਹਰ ਜ਼ਿਲੇ ''ਚ ਖੁੱਲ੍ਹੇਗਾ ਸਰਕਾਰੀ ਅੰਗਰੇਜ਼ੀ ਮੀਡੀਆ ਸਕੂਲ
Friday, Jun 21, 2019 - 01:58 PM (IST)

ਜੈਪੁਰ— ਰਾਜਸਥਾਨ ਦੇ ਹਰ ਜ਼ਿਲੇ 'ਚ ਘੱਟੋ-ਘੱਟ ਇਕ ਸਰਕਾਰੀ ਅੰਗਰੇਜ਼ੀ ਮੀਡੀਅਮ ਸਕੂਲ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਹਰ ਜ਼ਿਲੇ 'ਚ ਸੈਕੰਡਰੀ ਸਿੱਖਿਆ ਬੋਰਡ ਦਾ ਇਕ ਵਿਦਿਆਰਥੀ ਸੇਵਾ ਕੇਂਦਰ ਵੀ ਖੁੱਲ੍ਹੇਗਾ। ਸਿੱਖਿਆ ਰਾਜ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੇ ਇਹ ਜਾਣਕਾਰੀ ਦਿੱਤੀ। ਡੋਟਾਸਰਾ ਨੇ ਕਿਹਾ ਕਿ ਰਾਜ 'ਚ ਗਰੀਬ ਬੱਚਿਆਂ ਲਈ ਅੰਗਰੇਜ਼ੀ ਮਾਧਿਅਮ ਸਕੂਲਾਂ ਦੀ ਉਪਯੋਗਤਾ ਨੂੰ ਦੇਖਦੇ ਹੋਏ ਸਰਕਾਰ ਨੇ ਹਰ ਜ਼ਿਲੇ 'ਚ ਅਜਿਹਾ ਇਕ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ, ਜਿਸ 'ਚ ਗਰੀਬ ਬੱਚੇ ਵੀ ਅੰਗਰੇਜ਼ੀ ਮਾਧਿਅਮ ਨਾਲ ਪੜ੍ਹਾਈ ਕਰ ਸਕਣ।
ਉਨ੍ਹਾਂ ਨੇ ਵੀਰਵਾਰ ਨੂੰ ਸੀਕਰ 'ਚ ਇਕ ਪ੍ਰੋਗਰਾਮ 'ਚ ਦੱਸਿਆ ਕਿ ਰਾਜ ਦੇ ਹਰ ਜ਼ਿਲੇ 'ਚ ਸੈਕੰਡਰੀ ਸਿੱਖਿਆ ਬੋਰਡ ਦਾ ਇਕ ਵਿਦਿਆਰਥੀ ਸੇਵਾ ਕੇਂਦਰ ਖੋਲ੍ਹਿਆ ਜਾਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਆਪਣੇ ਵੱਖ-ਵੱਖ ਕੰਮਾਂ ਲਈ ਅਜਮੇਰ 'ਚ ਨਾ ਜਾਣਾ ਪਵੇ। ਉਨ੍ਹਾਂ ਨੇ ਦੱਸਿਆ ਕਿ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਰਾਜ ਸਰਕਾਰ ਨੇ ਫੈਸਲਾ ਲਿਆ ਹੈ ਕਿ ਹਰੇਕ ਜ਼ਿਲੇ 'ਚ ਮਹਾਤਮਾ ਗਾਂਧੀ ਦੇ ਨਾਂ ਨਾਲ 8ਵੀਂ ਜਮਾਤ ਤੱਕ ਦਾ ਸਕੂਲ ਹੋਵੇਗਾ।