ਗੱਲਬਾਤ ਤੋਂ ਪਹਿਲਾਂ ਕਾਂਗਰਸ ਦੇ ਬਾਗ਼ੀ ਵਿਧਾਇਕਾਂ ਨੂੰ ਭਾਜਪਾ ਨਾਲ ਦੋਸਤੀ ਤੋੜਨੀ ਹੋਵੇਗੀ : ਰਣਦੀਪ ਸੁਰਜੇਵਾਲਾ
Tuesday, Aug 04, 2020 - 12:58 PM (IST)

ਜੈਸਲਮੇਰ- ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਰਾਜਸਥਾਨ ਦੇ ਬਾਗ਼ੀ ਕਾਂਗਰਸ ਵਿਧਾਇਕਾਂ ਨੂੰ ਵਾਪਸੀ ਲੀ ਗੱਲਬਾਤ ਤੋਂ ਪਹਿਲਾਂ ਭਾਜਪਾ ਨਾਲ ਦੋਸਤੀ ਤੋੜਨੀ ਹੋਵੇਗੀ ਅਤੇ ਉਸ ਦੀ ਮੇਜ਼ਬਾਨੀ ਛੱਡ ਕੇ ਘਰ ਆਉਣਾ ਹੋਵੇਗਾ। ਰਾਜਸਥਾਨ 'ਚ ਅਸ਼ੋਕ ਗਹਿਲੋਤ ਦੀ ਅਗਵਾਈ ਤੋਂ ਨਾਰਾਜ਼ ਹੋ ਕੇ ਬਾਗ਼ੀ ਹੋਏ ਸਚਿਨ ਪਾਇਲਟ ਸਮੇਤ 19 ਕਾਂਗਰਸ ਵਿਧਾਇਕਾਂ ਦੀ ਵਾਪਸੀ ਦੀ ਸੰਭਾਵਨਾ ਦੇ ਸਵਾਲ 'ਤੇ ਸੁਰਜੇਵਾਲਾ ਨੇ ਕਿਹਾ,''ਸਭ ਤੋਂ ਪਹਿਲਾਂ ਬਾਗ਼ੀ ਵਿਧਾਇਕ ਗੱਲਬਾਤ ਕਰਨ ਅਤੇ ਉਸ ਨੂੰ ਕਰਨ ਲਈ ਪਹਿਲੀ ਸ਼ਰਤ ਹੈ ਕਿ ਭਾਜਪਾ ਦੀ ਮੇਜ਼ਬਾਨੀ ਛੱਡਣ। ਮਨੋਹਰ ਲਾਲ ਖੱਟੜ ਦੀ ਅਗਵਾਈ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਦਾ ਸੁਰੱਖਿਆ ਚੱਕਰ ਛੱਡਣ।'' ਸੁਰਜੇਵਾਲਾ ਨੇ ਕਿਹਾ,''ਹਰਿਆਣਾ 'ਚ ਆਏ ਦਿਨ ਬੱਚਿਆਂ ਦੇ ਕਤਲ ਹੋ ਰਹੇ ਹਨ, ਸਮੂਹਕ ਬਲਾਤਕਾਰ ਹੋ ਰਹੇ ਹਨ, ਗੁਰੂਗ੍ਰਾਮ 'ਚ ਲੋਕਾਂ ਨੂੰ ਸ਼ਰੇਆਮ ਕੁੱਟਿਆ ਜਾ ਰਿਹਾ ਹੈ ਅਤੇ ਇਸ ਲਈ ਪੁਲਸ ਉਪਲੱਬਧ ਨਹੀਂ ਪਰ ਇਨ੍ਹਾਂ 19 ਵਿਧਾਇਕਾਂ ਦੀ ਸੁਰੱਖਿਆ ਲਈ ਇਕ ਹਜ਼ਾਰ ਦੇ ਕਰੀਬ ਪੁਲਸ ਮੁਲਾਜ਼ਮ ਲਗਾਏ ਗਏ ਹਨ। ਕਾਂਗਰਸ ਦੇ ਨਾਰਾਜ਼ ਵਿਧਾਇਕਾਂ ਨੂੰ ਭਾਜਪਾ ਸੁਰੱਖਿਆ ਦੇ ਰਹੀ ਹੈ, ਉਸ ਦੇ ਕੀ ਮਾਇਨੇ ਹਨ।''
ਸੁਰਜੇਵਾਲਾ ਨੇ ਕਿਹਾ,''ਇਸ ਲਈ ਬਾਗ਼ੀ ਵਿਧਾਇਕ ਪਹਿਲਾਂ ਭਾਜਪਾ ਦੀ ਮੇਜ਼ਬਾਨੀ ਛੱਡਣ, ਪਹਿਲਾਂ ਭਾਜਪਾ ਨਾਲ ਦੋਸਤੀ ਤੋੜਨ, ਪਹਿਲਾਂ ਭਾਜਪਾ ਦਾ ਸਾਥ ਛੱਡਣ, ਪਹਿਲਾਂ ਭਾਜਪਾ ਦਾ ਸੁਰੱਖਿਆ ਚੱਕਰ ਤੋੜਨ ਆਪਣੇ ਘਰ ਵਾਪਸੀ ਕਰਨ, ਉਦੋਂ ਗੱਲਬਾਤ ਹੋਵੇਗੀ।'' ਦੱਸਣਯੋਗ ਹੈ ਕਿ ਕਾਂਗਰਸ ਅਤੇ ਉਸ ਦੇ ਸਮਰਥਕ ਵਿਧਾਇਕ ਇੱਥੇ ਜੈਸਲਮੇਰ ਦੇ ਇਕ ਨਿੱਜੀ ਹੋਟਲ 'ਚ ਰੁਕੇ ਹੋਏ ਹਨ, ਜਦੋਂ ਕਿ ਸਚਿਨ ਪਾਇਲਟ ਦੀ ਅਗਵਾਈ 'ਚ 19 ਬਾਗ਼ੀ ਵਿਧਾਇਕਾਂ ਦੇ ਹਰਿਆਣਾ ਦੇ ਹੋਟਲ 'ਚ ਰੁਕੇ ਹੋਣ ਦਾ ਸਮਾਚਾਰ ਹੈ। ਰਾਜ ਵਿਧਾਨ ਸਭਾ ਦਾ ਸੈਸ਼ਨ 14 ਅਗਸਤ ਤੋਂ ਸ਼ੁਰੂ ਹੋਵੇਗਾ। ਸੁਰਜੇਵਾਲਾ ਨੇ ਇਸ ਮੌਕੇ ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ਬਾਰੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਬਿਆਨ ਵੀ ਜਾਰੀ ਕੀਤਾ।