ਰਾਜਸਥਾਨ : ਕੈਮੀਕਲ ਨਾਲ ਭਰਿਆ ਟੈਂਕਰ ਪਲਟਿਆ, 10 ਲੋਕਾਂ ਦੀ ਮੌਤ

Friday, Aug 23, 2019 - 05:38 PM (IST)

ਰਾਜਸਥਾਨ : ਕੈਮੀਕਲ ਨਾਲ ਭਰਿਆ ਟੈਂਕਰ ਪਲਟਿਆ, 10 ਲੋਕਾਂ ਦੀ ਮੌਤ

ਜੈਪੁਰ— ਰਾਜਸਥਾਨ ਦੇ ਰਾਜਸਮੰਦ 'ਚ ਦੇਸੂਰੀ ਮੇਗਾ ਹਾਈਵੇਅ 'ਤੇ ਸ਼ੁੱਕਰਵਾਰ ਨੂੰ ਕੈਮੀਕਲ ਨਾਲ ਭਰਿਆ ਟੈਂਕਰ ਪਲਟਣ ਨਾਲ ਜ਼ਬਰਦਸਤ ਹਾਦਸਾ ਹੋਇਆ। ਇਸ ਹਾਦਸੇ 'ਚ ਇਕ ਕਾਰ ਟੈਂਕਰ ਦੇ ਹੇਠਾਂ ਦੱਬ ਗਈ, ਜਿਸ ਨਾਲ ਕਾਰ ਸਵਾਰ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹਾਦਸੇ 'ਚ ਜ਼ਖਮੀ ਇਕ ਛੋਟੀ ਬੱਚੀ ਦੀ ਜਾਨ ਬਚ ਗਈ। ਇਸ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕ ਹਾਲੇ ਤੱਕ ਟੈਂਕਰ ਹੇਠਾਂ ਦਬੇ ਹੋਏ ਹਨ, ਜਿਨ੍ਹਾਂ ਨੂੰ ਕਰੇਨ ਨਾਲ ਕੱਢਣ ਦਾ ਕੰਮ ਜਾਰੀ ਹੈ। ਉੱਥੇ ਹੀ ਹਾਦਸੇ ਕਾਰਨ ਜਾਮ ਲੱਗਾ ਹੋਇਆ ਹੈ। ਪੁਲਸ ਅਨੁਸਾਰ ਚਾਰਭੁਜਾ ਤੋਂ ਦੇਸੂਰੀ ਵੱਲ ਜਾ ਰਿਹਾ ਟੈਂਕਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਕਾਰ ਦੇ ਉੱਪਰ ਡਿੱਗ ਗਿਆ। ਹਾਦਸੇ ਤੋਂ ਬਾਅਦ ਟੈਂਕਰ 'ਚ ਭਰਿਆ ਕੈਮੀਕਲ ਸੜਕ 'ਤੇ ਡਿੱਗ ਗਿਆ। ਉਦੋਂ ਸਾਹਮਣੇ ਤੋਂ ਇਕ ਬਾਈਕ ਸਵਾਰ ਵੀ ਟੈਂਕਰ ਦੀ ਲਪੇਟ 'ਚ ਆ ਗਿਆ। ਹਾਲਾਂਕਿ ਸ਼ੁੱਕਰ ਹੈ ਕਿ ਉਹ ਵਾਲ-ਵਾਲ ਬਚ ਗਿਆ।

ਹਾਦਸੇ ਤੋਂ ਬਾਅਦ ਕੁੰਭਲਗੜ੍ਹ ਡੀ.ਐੱਸ.ਪੀ. ਨਰਪਤਸਿੰਘ, ਚਾਰਭੁਜਾ ਥਾਣਾ ਇੰਚਾਰਜ ਭਰਤ ਸਿੰਘ, ਕੇਲਵਾ ਥਾਣਾ ਇੰਚਾਰਜ ਭਗਵਾਨਲਾਲ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਏ। ਜਿਸ ਤੋਂ ਬਾਅਦ ਕ੍ਰੇਨ ਦੀ ਮਦਦ ਨਾਲ ਟੈਂਕਰ ਹੇਠਾਂ ਦਬੇ ਹੋਏ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਹਾਲਾਂਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਹਾਲੇ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।


author

DIsha

Content Editor

Related News