Rajasthan Budget: 500 ਰੁਪਏ ''ਚ ਸਿਲੰਡਰ ਤੇ 100 ਯੂਨਿਟ ਬਿਜਲੀ ਫ੍ਰੀ, CM ਗਹਿਲੋਤ ਨੇ ਕੀਤੇ ਇਹ ਐਲਾਨ

02/10/2023 5:27:50 PM

ਨੈਸ਼ਨਲ ਡੈਸਕ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਅਗਲੇ ਸਾਲ 19,000 ਕਰੋੜ ਰੁਪਏ ਦਾ ਮਹਿੰਗਾਈ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਇਸ ਪੈਕੇਜ 'ਚ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ ਮੁਫਤ ਪੂਡ ਪੈਕੇਟ, 500 ਰੁਪਏ 'ਚ ਰਸੋਈ ਗੈਸ ਸਿਲੰਡਰ ਅਤੇ ਘਰੇਲੂ ਬਿਜਲੀ ਉਪਭੋਗਤਾਵਾਂ ਨੂੰ 100 ਯੂਨਿਟ ਤਕ ਮੁਫਤ ਬਿਜਲੀ ਸ਼ਾਮਲ ਹੈ। ਇਸਦੇ ਨਾਲ ਹੀ ਗਹਿਲੋਤ ਨੇ ਜਨਤਾ ਲਈ ਸਿਹਤ ਬੀਮਾ ਯੋਜਨਾ ਦੀ ਆਪਣੀ 'ਚਿਰੰਜੀਵੀ ਸਿਹਤ ਬੀਮਾ ਯੋਜਨਾ' 'ਚ ਕਵਰ ਰਾਸ਼ੀ ਨੂੰ 10 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਸਾਲਾਨਾ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰਦੇ ਹੋਏ ਇਹ ਐਲਾਨ ਕੀਤਾ। 

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰ ਦੇ ਦਾਇਰੇ 'ਚ ਆਉਣ ਵਾਲੇ ਲਗਭਗ ਇਕ ਕਰੋੜ ਪਰਿਵਾਰਾਂ ਨੂੰ ਅਗਲੇ ਸਾਲ ਮੁਫਤ ਰਾਸ਼ਨ ਦੇ ਨਾਲ ਹਰ ਮਹੀਨੇ ਮੁੱਖ ਮੰਤਰੀ ਅੰਨਪੂਰਨਾ ਫੂਡ ਪੈਕੇਟ ਮੁਫਤ ਦਿੱਤੇ ਜਾਣ ਦਾ ਐਲਾਨ ਕਰਦਾ ਹਾਂ। ਇਸ ਪੈਕੇਟ 'ਚ ਇਕ-ਇਕ ਕਿਲੋਗ੍ਰਾਮ ਦਾਲ, ਖੰਡ, ਲੂਣ ਅਤੇ ਇਕ ਲੀਟਰ ਖਾਣ ਵਾਲਾ ਤੇਲ ਦਿੱਤਾ ਜਾਵੇਗਾ। ਇਸ 'ਤੇ ਲਗਭਗ 3,000 ਕਰੋੜ ਰੁਪਏ ਦਾ ਖਰਚਾ ਆਏਗਾ। ਉਨ੍ਹਾਂ ਬੀ.ਪੀ.ਐੱਲ. (ਗਰੀਬੀ ਰੇਖਾ ਤੋਂ ਹੇਠਾਂ) ਅਤੇ ਪ੍ਰਧਾਨ ਮੰਤਰੀ ਉਜਵੱਲਾ ਯੋਜਨਾ 'ਚ ਸ਼ਾਮਲ ਘੱਟ ਆਮਦਨ ਵਰਗ ਦੇ ਕਰੀਬ 76 ਲੱਖ ਪਰਿਵਾਰਾਂ ਨੂੰ ਅਗਲੇ ਸਾਲ ਤੋਂ 500 ਰੁਪਏ 'ਚ ਐੱਲ.ਪੀ.ਜੀ. ਗੈਸ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ। ਇਸ 'ਤੇ 1500 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਗਹਿਲੋਤ ਨੇ ਕਿਹਾ ਕਿ ਮੁੱਖ ਮੰਤਰੀ ਮੁਫਤ ਯੋਜਨਾ ਤਹਿਤ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 100 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਪਹਿਲਾਂ ਇਹ ਸੀਮਾ 50 ਯੂਨਿਟ ਸੀ। ਇਸ ਨਾਲ ਸੂਬੇ ਦੇ 1.19 ਕਰੋੜ ਵਿੱਚੋਂ 1.04 ਕਰੋੜ ਤੋਂ ਵੱਧ ਪਰਿਵਾਰ ਘਰੇਲੂ ਬਿਜਲੀ ਮੁਫ਼ਤ ਪ੍ਰਾਪਤ ਕਰ ਸਕਣਗੇ। ਇਸ ਦੇ ਲਈ ਸਰਕਾਰ ਨੂੰ 7,000 ਕਰੋੜ ਰੁਪਏ ਦਾ ਬੋਝ ਝੱਲਣਾ ਪਵੇਗਾ। ਗਹਿਲੋਤ ਨੇ ਕਿਹਾ ਕਿ ਸਾਡਾ ਉਦੇਸ਼ ਪੜਾਅਵਾਰ 300 ਯੂਨਿਟ ਪ੍ਰਤੀ ਮਹੀਨਾ ਖਪਤ ਕਰਨ ਵਾਲੇ ਘਰੇਲੂ ਉਪਭੋਗਤਾਵਾਂ ਨੂੰ ਮੁਫਤ ਬਿਜਲੀ ਪ੍ਰਦਾਨ ਕਰਨਾ ਹੈ। ਅਸੀਂ ਡੀਜ਼ਲ ਅਤੇ ਪੈਟਰੋਲ 'ਤੇ ਲਾਗੂ ਵੈਟ (ਵੈਲਿਊ ਐਡਿਡ ਟੈਕਸ) ਨੂੰ ਘਟਾ ਕੇ ਲਗਭਗ 7,500 ਕਰੋੜ ਰੁਪਏ ਦੀ ਛੋਟ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਸਸਤੇ ਐੱਲ.ਪੀ.ਜੀ. ਸਿਲੰਡਰ ਅਤੇ ਮੁਫਤ ਘਰੇਲੂ ਬਿਜਲੀ ਲਈ 19,000 ਕਰੋੜ ਰੁਪਏ ਤੋਂ ਵੱਧ ਦਾ ਮਹਿੰਗਾਈ ਰਾਹਤ ਪੈਕੇਜ ਦੇਣ ਦੀ ਤਜਵੀਜ਼ ਹੈ।


Rakesh

Content Editor

Related News