CM ਗਹਿਲੋਤ ਦੇ ਕਰੀਬੀਆਂ ''ਤੇ ਦਿੱਲੀ ਤੋਂ ਰਾਜਸਥਾਨ ਤੱਕ ਇਨਕਮ ਟੈਕਸ ਤੋਂ ਬਾਅਦ ED ਦੀ ਛਾਪੇਮਾਰੀ

Monday, Jul 13, 2020 - 12:10 PM (IST)

CM ਗਹਿਲੋਤ ਦੇ ਕਰੀਬੀਆਂ ''ਤੇ ਦਿੱਲੀ ਤੋਂ ਰਾਜਸਥਾਨ ਤੱਕ ਇਨਕਮ ਟੈਕਸ ਤੋਂ ਬਾਅਦ ED ਦੀ ਛਾਪੇਮਾਰੀ

ਜੈਪੁਰ- ਰਾਜਸਥਾਨ 'ਚ ਸਿਆਸੀ ਸੰਕਟ ਦਰਮਿਆਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕਰੀਬੀਆਂ 'ਤੇ ਇਨਕਮ ਟੈਕਸ ਵਿਭਾਗ ਦਾ ਸ਼ਿਕੰਜਾ ਕੱਸਣਾ ਸ਼ੁਰੂ ਹੋ ਗਿਆ ਹੈ। ਇਨਕਮ ਟੈਕਸ ਵਿਭਾਗ ਦੇ 200 ਤੋਂ ਵੱਧ ਅਧਿਕਾਰੀਆਂ ਅਤੇ ਕਰਮੀਆਂ ਨੇ ਦਿੱਲੀ ਅਤੇ ਰਾਜਸਥਾਨ ਦੇ ਕਈ ਥਾਂਵਾਂ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਅਸ਼ੋਕ ਗਹਿਲੋਤ ਦੇ ਕਰੀਬੀ ਧਰਮੇਂਦਰ ਰਾਠੌੜ ਅਤੇ ਰਾਜੀਵ ਅਰੌੜਾ ਦੇ ਟਿਕਾਣਿਆਂ 'ਤੇ ਕੀਤੀ ਗਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕਰੀਬੀ ਅਤੇ ਜਿਊਲਰੀ ਫਰਮ ਦੇ ਮਾਲਕ ਰਾਜੀਵ ਅਰੌੜਾ ਦੇ ਟਿਕਾਣਿਆਂ 'ਤੇ ਸੋਮਵਾਰ ਸਵੇਰੇ ਇਨਕਮ ਟੈਕਸ ਵਿਭਾਗ ਦੀ ਟੀਮ ਪਹੁੰਚੀ। ਉਨ੍ਹਾਂ ਦੇ ਘਰ ਅਤੇ ਦਫ਼ਤਰਾਂ 'ਤੇ ਛਾਪੇਮਾਰੀ ਚੱਲ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਛਾਪੇਮਾਰੀ ਦੀ ਸੂਚਨਾ ਸਥਾਨਕ ਪੁਲਸ ਨੂੰ ਨਹੀਂ ਦਿੱਤੀ ਗਈ ਸੀ। ਇਨਕਮ ਟੈਕਸ ਵਿਭਾਗ ਦੀ ਟੀਮ ਕੇਂਦਰੀ ਰਿਜ਼ਰਵ ਪੁਲਸ ਨਾਲ ਛਾਪੇਮਾਰੀ ਨੂੰ ਅੰਜਾਮ ਦੇ ਰਹੀ ਹੈ।

ਰਾਜੀਵ ਅਰੌੜਾ ਤੋਂ ਇਲਾਵਾ ਧਰਮੇਂਦਰ ਰਾਠੌੜ ਦੇ ਘਰ ਅਤੇ ਦਫ਼ਤਰ 'ਤੇ ਇਨਕਮ ਟੈਕਸ ਵਿਭਾਗ ਦੀ ਟੀਮ ਛਾਪੇਮਾਰੀ ਕਰ ਰਹੀ ਹੈ। ਧਰਮੇਂਦਰ ਰਾਠੌੜ ਨੂੰ ਵੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਰੀਬੀ ਦੱਸਿਆ ਜਾਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਜੀਵ ਅਰੌੜਾ ਅਤੇ ਧਰਮੇਂਦਰ ਰਾਠੌੜ ਨਾਲ ਦੇਸ਼ ਦੇ ਬਾਹਰ ਕੀਤੇ ਗਏ ਟਰਾਂਜੈਕਸ਼ਨ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਦੇ ਬਿਜ਼ਨੈੱਸ ਪਾਰਟਨਰ ਰਵੀਕਾਂਤ ਸ਼ਰਮਾ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛਾਪੇਮਾਰੀ ਕੀਤੀ ਹੈ। ਰਵੀਕਾਂਤ ਸ਼ਰਮਾ ਤੋਂ ਵਿਦੇਸ਼ ਤੋਂ ਆਏ ਕਰੋੜਾਂ ਰੁਪਏ ਬਾਰੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਹੀ ਈ.ਡੀ. ਨੇ ਰਵੀਕਾਂਤ ਸ਼ਰਮਾ ਨੂੰ ਨੋਟਿਸ ਭੇਜਿਆ ਸੀ। 


author

DIsha

Content Editor

Related News