''ਭੁੱਲ ਜਾਓ ਅਤੇ ਮੁਆਫ਼ ਕਰੋ'' ਦੀ ਭਾਵਨਾ ਨਾਲ ਲੋਕਤੰਤਰ ਬਚਾਉਣ ਦੀ ਲੜਾਈ ''ਚ ਲੱਗਣਾ ਹੋਵੇਗਾ : ਗਹਿਲੋਤ
Thursday, Aug 13, 2020 - 02:56 PM (IST)

ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਵਰਕਰਾਂ ਅਤੇ ਜਨਪ੍ਰਤੀਨਿਧੀਆਂ ਨੂੰ 'ਭੁੱਲ ਜਾਓ ਅਤੇ ਮੁਆਫ਼ ਕਰੋ' ਦੀ ਭਾਵਨਾ ਨਾਲ ਲੋਕਤੰਤਰ ਬਚਾਉਣ ਦੀ ਲੜਾਈ 'ਚ ਲੱਗਣਾ ਹੋਵੇਗਾ। ਰਾਜਸਥਾਨ 'ਚ ਲਗਭਗ ਇਕ ਮਹੀਨੇ ਤੋਂ ਜਾਰੀ ਸਿਆਸੀ ਘਟਨਾਕ੍ਰਮ ਦਰਮਿਆਨ ਵਿਧਾਨ ਸਭਾ ਦਾ ਸੈਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਗਹਿਲੋਤ ਨੇ ਟਵੀਟ ਕੀਤਾ,''ਕਾਂਗਰਸ ਦੀ ਲੜਾਈ ਤਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ 'ਚ ਲੋਕਤੰਤਰ ਨੂੰ ਬਚਾਉਣ ਦੀ ਹੈ। ਪਿਛਲੇ ਇਕ ਮਹੀਨੇ 'ਚ ਕਾਂਗਰਸ ਪਾਰਟੀ 'ਚ ਆਪਸ 'ਚ ਜੋ ਵੀ ਮਤਭੇਦ ਹੋਇਆ ਹੈ, ਉਸ ਨੂੰ ਦੇਸ਼ ਦੇ ਹਿੱਤ 'ਚ, ਪ੍ਰਦੇਸ਼ ਦੇ ਹਿੱਤ 'ਚ, ਪ੍ਰਦੇਸ਼ਵਾਸੀਆਂ ਦੇ ਹਿੱਤ 'ਚ ਅਤੇ ਲੋਕਤੰਤਰ ਦੇ ਹਿੱਤ 'ਚ ਸਾਨੂੰ ਭੁੱਲਣਾ ਹੋਵੇਗਾ ਅਤੇ ਮੁਆਫ਼ ਕਰ ਕੇ ਅੱਗੇ ਵੱਧਣ ਦੀ ਭਾਵਨਾ ਨਾਲ ਲੋਕਤੰਤਰ ਨੂੰ ਬਚਾਉਣ ਦੀ ਲੜਾਈ 'ਚ ਲੱਗਣਾ ਹੈ।''
ਦੱਸਣਯੋਗ ਹੈ ਕਿ ਸਚਿਨ ਪਾਇਲਟ ਅਤੇ ਕਾਂਗਰਸ ਦੇ 18 ਹੋਰ ਵਿਧਾਇਕ ਮੁੱਖ ਣੰਤਰੀ ਗਹਿਲੋਤ ਦੀ ਅਗਵਾਈ 'ਚ ਕਥਿਤ ਤੌਰ 'ਤੇ ਨਾਰਾਜ਼ ਸਨ ਅਤੇ ਉਹ ਸੋਮਵਾਰ ਨੂੰ ਨਵੀਂ ਦਿੱਲੀ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਲਗਭਗ ਇਕ ਮਹੀਨੇ ਬਾਅਦ ਜੈਪੁਰ ਆਏ ਹਨ। ਗਹਿਲੋਤ ਨੇ ਟਵੀਟ ਕੀਤਾ,''ਮੈਂ ਉਮੀਦ ਕਰਦਾ ਹਾਂ ਕਿ ਭੁੱਲ ਜਾਓ ਅਤੇ ਮੁਆਫ਼ ਕਰੋ ਦੀ ਭਾਵਨਾ ਨਾਲ ਲੋਕਤੰਤਰ ਦੀ ਰੱਖਿਆ ਕਰਨਾ' ਸਾਡੀ ਪਹਿਲ ਹੋਣੀ ਚਾਹੀਦੀ ਹੈ। ਦੇਸ਼ 'ਚ ਚੁਣੀ ਹੋਈ ਸਰਕਾਰਾਂ ਨੂੰ ਇਕ-ਇਕ ਕਰ ਕੇ ਤੋੜਨ ਦੀ ਜੋ ਸਾਜਿਸ਼ ਚੱਲ ਰਹੀ ਹੈ, ਕਰਨਾਟਕ, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਆਦਿ ਸੂਬਿਆਂ 'ਚ ਸਰਕਾਰਾਂ ਜਿਸ ਤਰ੍ਹਾਂ ਸੁੱਟੀਆਂ ਜਾ ਰਹੀਆਂ ਹਨ, ਈ.ਡੀ., ਸੀ.ਬੀ.ਆਈ. ਅਤੇ ਅਦਾਲਤ ਦੀ ਜੋ ਗਲਤ ਵਰਤੋਂ ਹੋ ਰਹੀ ਹੈ, ਉਹ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਬਹੁਤ ਖਤਰਨਾਕ ਖੇਡ ਹੈ।''