ਰਾਜਸਥਾਨ : ਆਪਸੀ ਵਿਵਾਦ ''ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਗੋਲੀਆਂ ਮਾਰ ਕੀਤਾ ਕਤਲ
Sunday, Nov 27, 2022 - 10:42 AM (IST)

ਜੈਪੁਰ (ਭਾਸ਼ਾ)- ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ 'ਚ ਆਪਸੀ ਵਿਵਾਦ ਕਾਰਨ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਗੋਲੀ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਘਟਨਾ ਕੁਮਹੇਰ ਥਾਣਾ ਖੇਤਰ ਦੇ ਸਿਕਰੌਰਾ ਪਿੰਡ 'ਚ ਵਾਪਰੀ ਅਤੇ ਪੁਲਸ ਨੂੰ ਐਤਵਾਰ ਦੇਰ ਰਾਤ 1.30 ਵਜੇ ਦੇ ਨੇੜੇ-ਤੇੜੇ ਇਸ ਦੀ ਸੂਚਨਾ ਮਿਲੀ। ਭਰਤਪੁਰ ਪੁਲਸ ਕੰਟਰੋਲ ਰੂਮ ਨੇ ਦੱਸਿਆ ਕਿ ਹਮਲਾਵਰਾਂ ਨੇ ਆਪਸੀ ਵਿਵਾਦ ਕਾਰਨ ਰਾਤ ਨੂੰ ਘਰ 'ਚ ਸੌਂ ਰਹੇ ਪਰਿਵਾਰ ਦੇ ਮੈਂਬਰਾਂ 'ਤੇ ਗੋਲੀਆਂ ਚਲਾਈਆਂ। ਕੰਟਰੋਲ ਰੂਮ ਅਨੁਸਾਰ, ਹਮਲੇ 'ਚ ਜ਼ਖ਼ਮੀ ਪਰਿਵਾਰ ਦੇ ਮੈਂਬਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਸਮੰਦਰ, ਗਜੇਂਦਰ ਅਤੇ ਈਸ਼ਵਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦੋਂ ਕਿ ਗਜੇਂਦਰ ਦੀ ਪਤਨੀ, ਪੁੱਤਰ ਅਤੇ ਨੂੰਹ ਨੂੰ ਇਲਾਜ ਲਈ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ 'ਚ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਬਾਬਾ ਰਾਮਦੇਵ ਨੇ ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ
ਐਡੀਸ਼ਨਲ ਪੁਲਸ ਸੁਪਰਡੈਂਟ ਅਨਿਲ ਮੀਣਾ ਅਨੁਸਾਰ, ਸਮੰਦਰ ਦਾ ਆਪਣੇ ਘਰ ਦੇ ਸਾਹਮਣੇ ਰਹਿਣ ਵਾਲੇ ਲਖਨ ਨਾਮ ਦੇ ਵਿਅਕਤੀ ਨਾਲ ਵਿਵਾਦ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਰਾਤ ਲਖਨ ਕੁਝ ਹੋਰ ਲੋਕਾਂ ਨਾਲ ਸਮੰਦਰ ਦੇ ਘਰ ਦਾਖ਼ਲ ਹੋਇਆ ਅਤੇ ਪਰਿਵਾਰ ਦੇ ਮੈਂਬਰਾਂ 'ਤੇ ਗੋਲੀਆਂ ਚਲਾ ਦਿੱਤੀਆਂ। ਮੀਣਾ ਅਨੁਸਾਰ, ਗੋਲੀਬਾਰੀ 'ਚ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ 'ਚ ਰਖਵਾਈਆਂ ਗਈਆਂ ਹਨ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ