ਰਾਜ ਠਾਕਰੇ ਦੇ ਬੇਟੇ ਨੂੰ ਨਾਸਿਕ ਟੋਲ ਪਲਾਜ਼ਾ ’ਤੇ ਰੋਕੇ ਜਾਣ ਤੋਂ ਬਾਅਦ ਵਰਕਰਾਂ ਨੇ ਕੀਤੀ ਭੰਨ-ਤੋੜ
Monday, Jul 24, 2023 - 05:35 PM (IST)

ਨਾਸਿਕ, (ਭਾਸ਼ਾ)- ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਨੇਤਾ ਅਮਿਤ ਠਾਕਰੇ ਨੂੰ ਨਾਸਿਕ ਟੋਲ ਪਲਾਜ਼ਾ ’ਤੇ ਰੋਕੇ ਜਾਣ ਤੋਂ ਬਾਅਦ ਐਤਵਾਰ ਤੜਕੇ ਮਨਸੇ ਵਰਕਰਾਂ ਨੇ ਉਥੇ ਕਥਿਤ ਤੌਰ ’ਤੇ ਭੰਨ-ਤੋੜ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਨਸੇ ਦੇ ਸੰਸਥਾਪਕ ਰਾਜ ਠਾਕਰੇ ਦੇ ਬੇਟੇ ਅਮਿਤ ਠਾਕਰੇ ਦੀ ਕਾਰ ’ਤੇ ਲੱਗੇ ਫਾਸਟੈਗ ’ਚ ਕੁਝ ਮੁਸ਼ਕਿਲ ਆਉਣ ਕਾਰਨ ਸ਼ਨੀਵਾਰ ਰਾਤ ਕਰੀਬ ਸਵਾ 9 ਵਜੇ ਉਨ੍ਹਾਂ ਨੂੰ ਸਿੰਨਾਰ ਦੇ ਗੋਂਦੇ ਟੋਲ ਪਲਾਜ਼ਾ ’ਤੇ ਕਥਿਤ ਤੌਰ ’ਤੇ ਰੋਕਿਆ ਗਿਆ ਸੀ। ਉਹ ਮੁੰਬਈ ਪਰਤ ਰਹੇ ਸਨ।
ਮਨਸੇ ਦੇ ਵਰਕਰਾਂ ਦੀ ਭੀੜ ਨੇ ਐਤਵਾਰ ਦੇਰ ਰਾਤ ਕਰੀਬ ਢਾਈ ਵਜੇ ਟੋਲ ਪਲਾਜ਼ਾ ’ਤੇ ਭੰਨ-ਤੋੜ ਕੀਤੀ ਅਤੇ ਉਥੋਂ ਦੇ ਅਧਿਕਾਰੀ ਕੋਲੋਂ ਮੁਆਫੀ ਮੰਗਵਾਈ। ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵਾਵੀ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ. ਸੀ. ਟੀ. ਵੀ. ਆਦਿ ਦੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਸਾਨੂੰ (ਟੋਲ ਪਲਾਜ਼ਾ ਕਰਮਚਾਰੀਆਂ ਵੱਲੋਂ) ਕੋਈ ਸ਼ਿਕਾਇਤ ਨਹੀਂ ਮਿਲੀ ਹੈ ਪਰ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।