ਕੋਰੋਨਾ ਕਾਲ ਦੀਆਂ ਭਿਆਨਕ ਤਸਵੀਰਾਂ, ਸਸਕਾਰ ਲਈ ਘੱਟ ਪਏ ਸ਼ਮਸ਼ਾਨਘਾਟ, ਲਾਸ਼ਾਂ ਨਾਲ ਭਰੇ ਮੁਰਦਾਘਰ
Wednesday, Apr 14, 2021 - 10:15 AM (IST)
ਰਾਏਪੁਰ– ਛੱਤੀਸਗੜ੍ਹ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧਾ ਅਤੇ ਮ੍ਰਿਤਕਾਂ ਦੀ ਵਧਦੀ ਗਿਣਤੀ ਤੋਂ ਬਾਅਦ ਹੁਣ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਸੂਬੇ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਡਾ. ਭੀਮਰਾਵ ਅੰਬੇਡਕਰ ਹਸਪਤਾਲ ਦੇ ਮੁਰਦਾਘਰ ’ਚ ਵੱਡੀ ਗਿਣਤੀ ’ਚ ਲਾਸ਼ਾਂ ਰੱਖੀਆਂ ਹੋਈਆਂ ਹਨ। ਉੱਧਰ ਰਾਏਪੁਰ ਸ਼ਹਿਰ ’ਚ ਹੁਣ ਸ਼ਮਸ਼ਾਨ ਘਾਟਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਛੱਤੀਸਗੜ੍ਹ ’ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਧਣ ਵਿਚਾਲ੍ਹੇ ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਤੇ ਵੀਡੀਓ ਸਾਹਮਣੇ ਆ ਰਹੇ ਹਨ। ਵੀਡੀਓ ’ਚ ਰਾਜਧਾਨੀ ਰਾਏਪੁਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਅੰਬੇਡਕਰ ਹਸਪਤਾਲ ਦੇ ਮੁਰਦਾਘਰ ਦੇ ਸਾਹਮਣੇ ਵੱਡੀ ਗਿਣਤੀ ’ਚ ਲਾਸ਼ਾਂ ਪਈਆਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਇਨ੍ਹਾਂ ’ਚੋਂ ਕੁਝ ਲਾਸ਼ਾਂ ਸਟ੍ਰੈਚਰ ’ਤੇ ਰੱਖੀਆਂ ਦਿਸ ਰਹੀਆਂ ਹਨ ਤੇ ਕੁਝ ਲਾਸ਼ਾਂ ਜ਼ਮੀਨ ’ਤੇ ਪਈਆਂ ਹਨ।
ਇਹੀ ਹਾਲ ਗੁਆਂਢੀ ਜ਼ਿਲ੍ਹੇ ਦੁਰਗ ਦਾ ਵੀ ਹੈ। ਉਥੇ ਵੀ ਕਾਫੀ ਗਿਣਤੀ ’ਚ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਹਿੰਦੂ ਧਰਮ ’ਚ ਆਮ ਤੌਰ ’ਤੇ ਰਾਤ ਨੂੰ ਲਾਸ਼ ਨਾ ਸਾੜਣ ਦੀ ਪਰੰਪਰਾ ਹੈ ਪਰ ਹੁਣ ਜ਼ਿਲਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਰਾਤ ਨੂੰ ਵੀ ਅੰਤਿਮ ਸੰਸਕਾਰ ਦੀ ਰਸਮ ਪੂਰੀ ਕੀਤੀ ਜਾ ਰਹੀ ਹੈ। ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀ. ਐੱਸ. ਸਿੰਘ ਦੇਵ ਦਾ ਕਹਿਣਾ ਹੈ ਕਿ ਸੂਬੇ ’ਚ ਹਾਲਤ ਚਿੰਤਾਜਨਕ ਹੈ। ਸੂਬਾ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਮਾਮਲ੍ਹੇ ਵਧਦੇ ਜਾ ਰਹੇ ਹਨ।
ਛੱਤੀਸਗੜ੍ਹ ’ਚ ਇਸ ਮਹੀਨੇ ਦੀ ਇਕ ਤਾਰੀਖ਼ ਤੋਂ ਸੋਮਵਾਰ ਤੱਕ 861 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ ਰਾਏਪੁਰ ਜ਼ਿਲ੍ਹੇ ’ਚ 305 ਤੇ ਦੁਰਗ ਜ਼ਿਲ੍ਹੇ ’ਚ 213 ਮੌਤਾਂ ਸ਼ਾਮਲ ਹਨ। ਸਿੰਘਦੇਵ ਨੇ ਕਿਹਾ ਕਿ ਆਮ ਤੌਰ ’ਤੇ ਕੋਵਿਡ-19 ਦੇ ਮਰੀਜ਼ ਜੋ ਰਾਏਪੁਰ ਦੇ ਹਨ, ਉਨ੍ਹਾਂ ਦੇ ਅੰਤਿਮ ਸੰਸਕਾਰ ’ਚ ਦੇਰ ਨਹੀਂ ਹੁੰਦੀ ਹੈ ਪਰ ਰਾਏਪੁਰ ਤੋਂ ਬਾਹਰ ਹੋਰ ਜ਼ਿਲਿਆਂ ਦੇ ਮਰੀਜ਼ ਜਿਨ੍ਹਾਂ ਦੀ ਮੌਤ ਰਾਜਧਾਨੀ ਦੇ ਹਸਪਤਾਲ ’ਚ ਹੋਈ ਹੈ, ਉਨ੍ਹਾਂ ਦੀਆਂ ਲਾਸ਼ਾਂ ਗ੍ਰਹਿ ਜ਼ਿਲ੍ਹਿਆਂ ’ਚ ਭੇਜਣ ਤੇ ਇਸ ਦੌਰਾਨ ਹੋਣ ਵਾਲੀ ਪ੍ਰਕਿਰਿਆ ਕਾਰਣ ਦੇਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਏਪੁਰ ਦੇ ਅੰਬੇਡਕਰ ਹਸਪਤਾਲ ’ਚ ਵੱਡੀ ਗਿਣਤੀ ’ਚ ਲਾਸ਼ਾਂ ਦੇ ਰੱਖੇ ਹੋਣ ਦਾ ਇਕ ਕਾਰਣ ਇਹ ਵੀ ਹੈ।ਰਾਏਪੁਰ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੀਤੇ 2 ਦਿਨਾਂ ’ਚ ਰੋਜ਼ਾਨਾ 100 ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ।