ਤਾਮਿਲਨਾਡੂ ’ਚ ਨਿਵੇਸ਼ ਦੀ ਬਰਸਾਤ, ਲੋਕਾਂ ਨੂੰ ਮਿਲੇਗਾ ਰੋਜ਼ਗਾਰ

Monday, Jan 08, 2024 - 07:33 PM (IST)

ਤਾਮਿਲਨਾਡੂ ’ਚ ਨਿਵੇਸ਼ ਦੀ ਬਰਸਾਤ, ਲੋਕਾਂ ਨੂੰ ਮਿਲੇਗਾ ਰੋਜ਼ਗਾਰ

ਨਵੀਂ ਦਿੱਲੀ (ਭਾਸ਼ਾ) – ਗਲੋਬਲ ਇਨਵੈਸਟਰਸ ਮੀਟ 2024 ਦੌਰਾਨ ਚੇਨਈ ਦੇ ਤਾਮਿਲਨਾਡੂ ’ਚ ਨਿਵੇਸ਼ ਦੀ ਬਰਸਾਤ ਹੋਈ। ਕਈ ਕੰਪਨੀਆਂ ਨੇ ਹਜ਼ਾਰਾਂ ਕਰੋੜ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਸ ਨਾਲ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਸੰਭਾਵਨਾ ਵਧ ਗਈ ਹੈ। 7 ਜਨਵਰੀ ਨੂੰ ਹੋਈ ਇਸ ਮੀਟ ’ਚ ਟਾਟਾ ਗਰੁੱਪ ਦੀ ਕੰਪਨੀ ਟਾਟਾ ਇਲੈਕਟ੍ਰਾਨਿਕਸ, ਤਾਮਿਲਨਾਡੂ ਸਰਕਾਰ ਨਾਲ ਇਕ ਸਮਝੌਤੇ ਦੇ ਤਹਿਤ ਸੂਬੇ ਵਿਚ 12,082 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਸਮਝੌਤੇ ’ਤੇ ਹਸਤਾਖਰ ਕੀਤੇ ਗਏ। ਇਸ ਮੀਟ ਦਾ ਉਦਘਾਟਨ 7 ਜਨਵਰੀ ਨੂੰ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵਲੋਂ ਕੀਤਾ ਗਿਆ।

50500 ਲੋਕਾਂ ਨੂੰ ਮਿਲੇਗਾ ਰੋਜ਼ਗਾਰ

ਤਾਮਿਲਨਾਡੂ ਸਰਕਾਰ ਨੇ ਸਮਝੌਤੇ ’ਤੇ ਹਸਤਾਖਰ ਦੌਰਾਨ ਕਿਹਾ ਕਿ ਟਾਟਾ ਇਲੈਕਟ੍ਰਾਨਿਕਸ ਮੋਬਾਇਲ ਫੋਨ ਅਸੈਂਬਲੀ ਆਪ੍ਰੇਸ਼ਨ ਲਈ 12,080 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਵਚਨਬੱਧ ਹੈ। ਟਾਟਾ ਇਲੈਕਟ੍ਰਾਨਿਕ ਦੇ ਇਸ ਨਿਵੇਸ਼ ਨਾਲ ਸੂਬੇ ਵਿਚ 40,500 ਲੋਕਾਂ ਨੂੰ ਰੋਜ਼ਗਾਰ ਮਿਲਣ ਦਾ ਅਨੁਮਾਨ ਹੈ।

ਇਨਵੈਸਟਰਸ ਮੀਟ ਦੌਰਾਨ ਮੁੱਖ ਮੰਤਰੀ ਸਟਾਲਿਨ ਨੇ ਕਿਹਾ ਕਿ ਸੂਬੇ ਵਿਚ ਨਿਵੇਸ਼ ਦਾ ਇਕ ਅਹਿਮ ਪ੍ਰਵਾਹ ਦੇਖਿਆ ਜਾ ਰਿਹਾ ਹੈ। ਤਾਮਿਲਨਾਡੂ ਸਰਕਾਰ ਨੇ ਜੇ. ਐੱਸ. ਡਬਲਯੂ. ਰਿਨਿਊਏਬਲ, ਟੀ. ਵੀ. ਐੱਸ. ਗਰੁੱਪ ਅਤੇ ਮਿਤਸੁਬਿਸ਼ੀ ਇਲੈਕਟ੍ਰਿਕ ਨਾਲ ਕ੍ਰਮਵਾਰ : 12,000 ਕਰੋੜ, 5000 ਕਰੋੜ ਅਤੇ 6,180 ਕਰੋੜ ਰੁਪਏ ਦੇ ਪ੍ਰਮੁੱਖ ਨਿਵੇਸ਼ ਸਮਝੌਤੇ ’ਤੇ ਹਸਤਾਖਰ ਕੀਤੇ ਹਨ।

ਟਾਟਾ ਪਾਵਰ ਵੀ ਕਰੇਗੀ 70,000 ਕਰੋੜ ਦਾ ਨਿਵੇਸ਼

ਇਸ ਤੋਂ ਇਲਾਵਾ ਟਾਟਾ ਗਰੁੱਪ ਦੀ ਇਕ ਹੋਰ ਕੰਪਨੀ ਟਾਟਾ ਪਾਵਰ ਤਾਮਿਲਨਾਡੂ ਵਿਚ ਅਗਲੇ 5 ਤੋਂ 7 ਸਾਲਾਂ ਵਿਚ 10 ਗੀਗਾਵਾਟ ਵਾਲੀ ਸੋਲਰ ਅਤੇ ਪੌਣ ਊਰਜਾ ਇਕਾਈ ਲਗਾਏਗੀ ਅਤੇ ਇਸ ’ਤੇ 70,000 ਕਰੋੜ ਨਿਵੇਸ਼ ਕਰੇਗੀ। ਕਿਸੇ ਵੀ ਸੂਬੇ ਵਿਚ ਇਹ ਟਾਟਾ ਪਾਵਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਿੰਗਲ ਨਿਵੇਸ਼ ਹੋ ਸਕਦਾ ਹੈ। ਇਹ ਨਿਵੇਸ਼ 4.3 ਗੀਗਾਵਾਟ ਸੋਲਰ ਸੈੱਲ ਅਤੇ ਮਾਡਿਊਲ ਨਿਰਮਾਣ ਕੇਂਦਰ ਤੋਂ ਇਲਾਵਾ ਹੋਵੇਗਾ ਜੋ ਕੰਪਨੀ ਤਿਰੂਵੇਨਵੇਲੀ ’ਚ ਲਗਾ ਰਹੀ ਹੈ।

ਪੈਗਾਟ੍ਰਾਨ ਅਤੇ ਹੁੰਡਈ ਵੀ ਕਰੇਗੀ ਨਿਵੇਸ਼

ਰਿਪੋਰਟਸ ਮੁਤਾਬਕ ਐਪਲ ਦੇ ਤਾਈਵਾਨ ਸਪਲਾਈਕਰਤਾ ਪੈਗਾਟ੍ਰਾਨ ਵਲੋਂ ਵੀ ਉਤਪਾਦਨ ਵਧਾਉਣ ਲਈ 1000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਉਮੀਦ ਹੈ। ਇਸ ਤੋਂ ਇਲਾਵਾ ਹੁੰਡਈ ਮੋਟਰ ਨੇ 6,180 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਇੱਛਾ ਪ੍ਰਗਟਾਈ ਹੈ ਅਤੇ ਇਸ ’ਚੋਂ ਨਿਵੇਸ਼ ਦਾ ਇਕ ਹਿੱਸਾ ਇਲੈਕਟ੍ਰਿਕ ਵਾਹਨ (ਈ. ਵੀ.) ਬੈਟਰੀ ਅਤੇ ਕਾਰ ਨਿਰਮਾਣ ਲਈ ਵਰਤੋਂ ਕੀਤਾ ਜਾਏਗਾ। ਇਸ ਤੋਂ ਪਹਿਲਾਂ ਹੁੰਡਈ ਨੇ 2023 ਤੋਂ 2032 ਦੌਰਾਨ 10 ਸਾਲਾਂ ਵਿਚ ਇਲੈਕਟ੍ਰਿਕ ਵਾਹਨ ਨਿਰਮਾਣ, ਚਾਰਜਿੰਗ ਬੁਨਿਆਦੀ ਢਾਂਚੇ ਅਤੇ ਹੁਨਰ ਵਿਕਾਸ ਵਿਚ ਆਪਣੇ ਯਤਨਾਂ ਨੂੰ ਵਧਾਉਣ ਲਈ 20,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ। ਇਹ 6,180 ਕਰੋੜ ਰੁਪਏ ਦਾ ਨਿਵੇਸ਼ ਇਸ ਤੋਂ ਇਲਾਵਾ ਹੈ।


author

Harinder Kaur

Content Editor

Related News