ਮਹਾਕਾਲੇਸ਼ਵਰ ਮੰਦਰ ਦੀ ਭਸਮ ਆਰਤੀ ਦੇ ਦਰਸ਼ਨ ਸਟੇਸ਼ਨ ’ਤੇ ਹੀ ਕਰਵਾਏਗਾ ਰੇਲਵੇ

Thursday, Dec 28, 2023 - 01:26 PM (IST)

ਮਹਾਕਾਲੇਸ਼ਵਰ ਮੰਦਰ ਦੀ ਭਸਮ ਆਰਤੀ ਦੇ ਦਰਸ਼ਨ ਸਟੇਸ਼ਨ ’ਤੇ ਹੀ ਕਰਵਾਏਗਾ ਰੇਲਵੇ

ਰਤਲਾਮ, (ਭਾਸ਼ਾ)- ਮੱਧ ਪ੍ਰਦੇਸ਼ ਦੇ ਉਜੈਨ ਵਿਚ ਸਥਿਤ ਵਿਸ਼ਵ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਵਿਚ ਹਰ ਰੋਜ਼ ਸਵੇਰੇ ਹੋਣ ਵਾਲੀ ਭਸਮ ਆਰਤੀ ਵਿਚ ਸ਼ਾਮਲ ਹੋਣ ਅਤੇ ਬਾਬਾ ਮਹਾਕਾਲ ਦੇ ਦਰਸ਼ਨ ਨਾ ਹੋਣ ਦੀ ਚਿੰਤਾ ਹੁਣ ਸ਼ਰਧਾਲੂਆਂ ਨੂੰ ਨਹੀਂ ਹੋਵੇਗੀ। ਰੇਲਵੇ, ਉਜੈਨ ਅਤੇ ਇੰਦੌਰ ਦੇ ਸਟੇਸ਼ਨਾਂ ’ਤੇ ਵੀ. ਆਰ. ਤਕਨੀਕ ਰਾਹੀਂ ਇਸਨੂੰ ਦਿਖਾਉਣ ਦੀ ਵਿਵਸਥਾ ਕਰ ਰਿਹਾ ਹੈ, ਜਿਸ ਨਾਲ ਸ਼ਰਧਾਲੂਆਂ ਨੂੰ ਮਹਾਕਾਲ ਮੰਦਰ ਦੀ ਭਸਮ ਆਰਤੀ ’ਚ ਸਿੱਧੇ ਤੌਰ ’ਤੇ ਸ਼ਾਮਲ ਹੋਣ ਦਾ ਅਨੁਭਵ ਮਿਲੇਗਾ।

ਪੱਛਮੀ ਰੇਲਵੇ ਦੇ ਰਤਲਾਮ ਰੇਲਵੇ ਡਿਵੀਜ਼ਨ ਦੇ ਪਬਲਿਕ ਰਿਲੇਸ਼ਨ ਇੰਸਪੈਕਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਵਰਚੁਅਲ ਰਿਐਲਿਟੀ ਭਾਵ ਵੀ. ਆਰ. ਤਕਨਾਲੋਜੀ ਰਾਹੀਂ ਭਸਮ ਆਰਤੀ ਦੇ ਦਰਸ਼ਨਾਂ ਲਈ ਰੇਲਵੇ ਵੱਲੋਂ ਭੋਪਾਲ ਦੀ ਇਕ ਨਿੱਜੀ ਕੰਪਨੀ ਨੂੰ ਕੰਮ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰੇਲਵੇ ਵੱਲੋਂ ਉਜੈਨ ਅਤੇ ਇੰਦੌਰ ਸਟੇਸ਼ਨਾਂ ’ਤੇ ਕੰਪਨੀ ਨੂੰ 200 ਵਰਗ ਫੁੱਟ ਜਗ੍ਹਾ ਦਿੱਤੀ ਜਾ ਰਹੀ ਹੈ। ਇਸ ’ਚ ਕੰਪਨੀ ਆਪਣੇ ਖਰਚੇ ’ਤੇ ਉਪਕਰਨ ਲਗਾਏਗੀ ਅਤੇ ਹਰ ਸਾਲ ਰੇਲਵੇ ਨੂੰ ਕਰੀਬ 10 ਲੱਖ ਰੁਪਏ ਦਾ ਭੁਗਤਾਨ ਵੀ ਕਰੇਗੀ। ਕੁਮਾਰ ਨੇ ਦੱਸਿਆ ਕਿ ਮਹਾਕਾਲ ਦੀ ਭਸਮ ਆਰਤੀ ਦੇ ਦਰਸ਼ਨਾਂ ਤੋਂ ਇਲਾਵਾ ਬਾਬਾ ਮਹਾਕਾਲ ਅਤੇ ਹੋਰ ਇਤਿਹਾਸਕ ਸਥਾਨਾਂ ਦੇ ਲਾਈਵ ਦਰਸ਼ਨ ਕਰਨ ਲਈ ਵੀ ਇਸ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਕੰਪਨੀ ਇਸ ਦੇ ਖਰਚੇ ਤੈਅ ਕਰ ਕੇ ਸ਼ਰਧਾਲੂਆਂ ਨੂੰ ਦਰਸ਼ਨ ਦੀ ਇਹ ਸਹੂਲਤ ਮੁਹੱਈਆ ਕਰਵਾਏਗੀ।


author

Rakesh

Content Editor

Related News