AI ਦੀ ਨਿਗਰਾਨੀ ਹੇਠ ਰੇਲਵੇ ਦਾ ਖਾਣਾ, 800 ਤੋਂ ਵੱਧ ਰਸੋਈਆਂ ’ਤੇ 2394 ਕੈਮਰਿਆਂ ਦੀ ਨਜ਼ਰ
Friday, Jun 05, 2026 - 03:27 AM (IST)
ਨਵੀਂ ਦਿੱਲੀ - ਰੇਲ ਯਾਤਰੀਆਂ ਨੂੰ ਸਾਫ਼-ਸੁਥਰਾ ਅਤੇ ਮਿਆਰੀ ਖਾਣਾ ਦੇਣ ਲਈ ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਨੇ ਦੇਸ਼ ਭਰ ਦੀਆਂ 800 ਤੋਂ ਵੱਧ ਰਸੋਈਆਂ ’ਚ ਏ. ਆਈ. ਨਿਗਰਾਨੀ ਪ੍ਰਣਾਲੀ ਦਾ ਵਿਸਥਾਰ ਕੀਤਾ ਹੈ। ਖਾਣਾ ਬਣਾਉਣ ਦੀ ਪ੍ਰਕਿਰਿਆ ’ਤੇ ਨਜ਼ਰ ਰੱਖਣ ਲਈ ਕੁੱਲ 2394 ਕੈਮਰੇ ਲਗਾਏ ਗਏ ਹਨ।
ਇਹ ਸਿਸਟਮ ਮੁੱਖ ਤੌਰ ’ਤੇ 9 ਕਾਰਕਾਂ ਦੀ ਪਛਾਣ ਕਰਦਾ ਹੈ, ਜਿਵੇਂ ਕਿ ਕਰਮਚਾਰੀਆਂ ਵੱਲੋਂ ਹੇਅਰਨੈੱਟ ਨਾ ਪਾਉਣਾ, ਦਸਤਾਨੇ ਨਾ ਵਰਤਣਾ, ਸਫ਼ਾਈ ਦੀ ਘਾਟ ਅਤੇ ਚੂਹੇ-ਮੱਖੀਆਂ ਦੀ ਮੌਜੂਦਗੀ।
ਗੜਬੜੀ ਸਾਹਮਣੇ ਆਉਂਦੇ ਹੀ ਕਿਚਨ ਮੈਨੇਜਰ ਨੂੰ ਅਲਰਟ ਭੇਜਿਆ ਜਾਂਦਾ ਹੈ ਅਤੇ ਸੁਧਾਰ ਨਾ ਹੋਣ ’ਤੇ 2 ਘੰਟਿਆਂ ਦੇ ਅੰਦਰ ਜ਼ਿੰਮੇਵਾਰ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਰੋਜ਼ਾਨਾ ਲਗਭਗ 350 ਅਲਰਟ ਜਾਰੀ ਹੁੰਦੇ ਹਨ, ਜਿਨ੍ਹਾਂ ’ਚੋਂ ਪਿਛਲੇ ਇਕ ਮਹੀਨੇ ਵਿਚ ਸਭ ਤੋਂ ਵੱਧ 4123 ਮਾਮਲੇ ਉੱਤਰੀ ਖੇਤਰ ਵਿਚ ਦਰਜ ਕੀਤੇ ਗਏ।
ਰਾਜ ਸਭਾ ਦੇ ਅੰਕੜਿਆਂ ਅਨੁਸਾਰ ਪਿਛਲੇ 5 ਸਾਲਾਂ ’ਚ ਭੋਜਨ ਸਬੰਧੀ 19,000 ਤੋਂ ਵੱਧ ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ’ਚੋਂ 3137 ਮਾਮਲਿਆਂ ਵਿਚ ਜੁਰਮਾਨਾ ਲਗਾਇਆ ਗਿਆ।
ਆਈ. ਆਰ. ਸੀ. ਟੀ. ਸੀ. ਅਨੁਸਾਰ ਮੌਸਮ ਬਦਲਣ ਵੇਲੇ ਖਾਣੇ ਦੀ ਗੁਣਵੱਤਾ ਬਣਾਈ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਇਸ ਏ. ਆਈ. ਸਿਸਟਮ ਦਾ ਤਰੁੱਟੀ ਪੱਧਰ ਲਗਭਗ 10 ਫੀਸਦੀ ਹੈ। ਰੇਲ ਮੰਤਰਾਲਾ ਨੇ ਹਾਲ ਹੀ ਵਿਚ ਪਟਨਾ-ਟਾਟਾਨਗਰ ਵੰਦੇ ਭਾਰਤ ਐਕਸਪ੍ਰੈੱਸ ਵਿਚ ਖ਼ਰਾਬ ਦਹੀਂ ਪਰੋਸਣ ਦੇ ਮਾਮਲੇ ਵਿਚ ਆਈ. ਆਰ. ਸੀ. ਟੀ. ਸੀ. ਨੂੰ 10 ਲੱਖ ਰੁਪਏ ਅਤੇ ਖਾਣਾ ਸਪਲਾਈ ਕਰਨ ਵਾਲੀ ਕੰਪਨੀ ਨੂੰ 50 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।
