ਰੇਲ ਯਾਤਰੀ ਸਿਰਫ 45 ਪੈਸੇ ’ਚ ਹੀ ਕਰਵਾ ਸਕਦੇ ਹਨ ਸਫਰ ਬੀਮਾ
Wednesday, Aug 06, 2025 - 09:56 PM (IST)

ਨਵੀਂ ਦਿੱਲੀ - ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਮੁਸਾਫਰ ਈ-ਟਿਕਟ ਖਰੀਦਦੇ ਸਮੇਂ ਸਾਰੇ ਟੈਕਸਾਂ ਸਮੇਤ ਸਿਰਫ 45 ਪੈਸੇ ਦਾ ਪ੍ਰੀਮੀਅਮ ਅਦਾ ਕਰ ਕੇ ਬੀਮਾ ਯੋਜਨਾ ਦਾ ਲਾਭ ਉਠਾ ਸਕਦੇ ਹਨ। ਲੋਕ ਸਭਾ ’ਚ ਰੇਲ ਯਾਤਰਾ ਬੀਮੇ ਨਾਲ ਸਬੰਧਤ ਸਵਾਲਾਂ ਦੇ ਲਿਖਤੀ ਜਵਾਬ ’ਚ ਵੈਸ਼ਨਵ ਨੇ ਬੁੱਧਵਾਰ ਕਿਹਾ ਕਿ ਸਾਰੇ ਮੁਸਾਫਰ ਆਨਲਾਈਨ ਜਾਂ ਰਿਜ਼ਰਵੇਸ਼ਨ ਕਾਊਂਟਰਾਂ ਤੋਂ ਟਿਕਟਾਂ ਬੁੱਕ ਕਰ ਸਕਦੇ ਹਨ। ਹਾਲਾਂਕਿ ਬਦਲਵੀਂ ਬੀਮਾ ਯੋਜਨਾ ਸਿਰਫ ਪੁਸ਼ਟੀ ਕੀਤੇ ਜਾਂ ਆਰ. ਏ. ਸੀ. ਭਾਵ ਰਿਜ਼ਰਵੇਸ਼ਨ ਅਗੇਂਸਟ ਕੈਸਲੈੱਸ਼ਨ ਲਈ ਉਪਲਬਧ ਹੈ ਜਿਨ੍ਹਾਂ ਨੇ ਆਪਣੀਆਂ ਟਿਕਟਾਂ ਆਨਲਾਈਨ ਬੁੱਕ ਕੀਤੀਆਂ ਹਨ।
ਵੈਸ਼ਨਵ ਨੇ ਕਿਹਾ ਕਿ ਕੋਈ ਵੀ ਮੁਸਾਫਰ ਜੋ ਬੀਮਾ ਲਾਭ ਹਾਸਲ ਕਰਨਾ ਚਾਹੁੰਦਾ ਹੈ, ਟਿਕਟ ਬੁੱਕ ਕਰਦੇ ਸਮੇਂ ਆਪਣੀ ਮਰਜ਼ੀ ਨਾਲ ਇਸ ਯੋਜਨਾ ਦੀ ਚੋਣ ਕਰ ਸਕਦਾ ਹੈ। ਇਹ ਯੋਜਨਾ ਈ-ਟਿਕਟ ਬੁੱਕ ਕਰਨ ਵਾਲੇ ਮੁਸਾਫਰਾਂ ਲਈ ਉਪਲਬਧ ਹੈ ਪਰ ਇਹ ਉਨ੍ਹਾਂ ਨੂੰ ਵੀ ਵਾਧੂ ਬੀਮਾ ਕਵਰ ਪ੍ਰਦਾਨ ਕਰਦੀ ਹੈ ਜਿਨ੍ਹਾਂ ਨੇ ਇਸ ਦੀ ਚੋਣ ਕੀਤੀ ਹੈ ਤੇ ਪ੍ਰੀਮੀਅਮ ਦਾ ਭੁਗਤਾਨ ਕੀਤਾ ਹੈ।