‘ਭਾਰਤ ਜੋੜੋ ਯਾਤਰਾ’ ਦਾ ਸ਼ੁਰੂ ਹੋਇਆ ਦੂਜਾ ਫੇਸ: ਰਾਹੁਲ ਨੇ ਕਿਸਾਨ ਦੇ ਘਰ ਚਾਹ ਪੀਤੀ, ਸਰਕਾਰੀ ਸਕੀਮਾਂ ਬਾਰੇ ਪੁੱਛਿਆ
Friday, Dec 16, 2022 - 01:05 PM (IST)
ਦੌਸਾ (ਭਾਸ਼ਾ)– ਅੱਜ ਦੀ ‘ਭਾਰਤ ਜੋੜੋ ਯਾਤਰਾ’ ਦਾ ਦੂਜਾ ਫੇਸ ਸ਼ੁਰੂ ਹੋ ਚੁੱਕਾ ਹੈ। ਲੰਚ ਬ੍ਰੇਕ ਤੋਂ ਬਾਅਦ ਦੌਸਾ ਦੇ ਸਲੇਮਪੁਰਾ ਪਿੰਡ ਤੋਂ ਯਾਤਰਾ ਸ਼ੁਰੂ ਹੋਈ। ਦਿਨ ਦੇ ਦੂਜੇ ਪੜਾਅ ਵਿਚ 9 ਕਿਲੋਮੀਟਰ ਪੈਦਲ ਮਾਰਚ ਹੋਇਆ। ਇਸ ਦੌਰਾਨ ਰਾਹੁਲ ਗਾਂਧੀ ਲਾਲਸੋਟ ਦੇ ਬੜੌਲੀ ਪਿੰਡ ਵਿਚ ਕਿਸਾਨ ਸੋਹਨ ਲਾਲ ਬੈਰਵਾ ਦੇ ਘਰ ਕੁਝ ਦੇਰ ਬਾਅਦ ਚਾਹ ਪੀਣ ਰੁਕੇ।
ਉਨ੍ਹਾਂ ਬੈਰਵਾ ਦੇ ਘਰ ਕੁੱਟੀ ਕੱਟਣ ਦੀ ਮਸ਼ੀਨ ਚਲਾ ਕੇ ਦੇਖੀ। ਰਾਹੁਲ ਨੇ ਜਾਨਵਰਾਂ ਲਈ ਹਰਾ ਚਾਰਾ ਵੀ ਕੱਟਿਆ। ਦਲਿਤ ਕਿਸਾਨ ਪਰਿਵਾਰ ਕੋਲੋਂ ਖੇਤੀ ਬਾਰੇ ਪੁੱਛਿਆ, ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਲਈ।
ਇਸ ਤੋਂ ਪਹਿਲਾਂ ਜਿਸ ਕਿਸਾਨ ਦੇ ਘਰ ਰਾਹੁਲ ਗਾਂਧੀ ਚਾਹ ਪੀਣ ਲਈ ਰੁਕਣ ਵਾਲੇ ਸਨ, ਉਥੇ ਸੀ. ਐੱਮ. ਅਸ਼ੋਕ ਗਹਿਲੋਤ, ਸੂਬਾ ਇੰਚਾਰਜ ਰੰਧਾਵਾ ਸਮੇਤ ਵੱਡੇ ਨੇਤਾ ਪਹਿਲਾਂ ਹੀ ਪੁੱਜ ਗਏ ਸਨ। ਬਾਰਾਂ ਜ਼ਿਲਾ ਮੁਖੀ ਉਰਮਿਲ ਜੈਨ ਅਤੇ ਲਾਲਸੋਟ ਐੱਸ. ਡੀ. ਐੱਮ. ਵੀ ਘਰ ਦੀਆਂ ਔਰਤਾਂ ਨੂੰ ਸਮਝਾਉਣ ਲਈ ਮੌਜੂਦ ਸਨ।
ਅੱਜ ਦੀ ਦੂਜੇ ਫੇਸ ਦੀ ਯਾਤਰਾ ਵਿਚ ਰਾਹੁਲ ਦੇ ਨਾਲ ਇੰਟਰਨੈਸ਼ਨਲ ਬਾਕਸਰ ਸਵੀਟੀ ਬੂਰਾ, ਭਾਰਤੀ ਕਬੱਡੀ ਟੀਮ ਦੇ ਕੈਪਟਨ ਦੀਪਕ ਰਾਮਨਿਵਾਸ ਹੁੱਡਾ (ਬਲੈਕ ਟੀਸ਼ਰਟ ਵਿਚ) ਵੀ ਸ਼ਾਮਲ ਹੋਏ। ਸੋਹਨ ਲਾਲ ਬੈਰਵਾ ਕੋਲ ਢਾਈ ਵਿਘਾ ਜ਼ਮੀਨ ਹੈ। ਉਨ੍ਹਾਂ ਨੂੰ ਸਰਕਾਰ ਵਲੋਂ ਹੁਣ ਤੱਕ ਕੋਈ ਸਰਕਾਰੀ ਯੋਜਨਾ ਦਾ ਲਾਭ ਨਹੀਂ ਮਿਲਿਆ ਹੈ। ਬੈਰਵਾ ਨੇ ਕਿਹਾ ਕਿ ਦੋ ਕਮਰਿਆਂ ਦਾ ਮਕਾਨ ਖੁਦ ਦੇ ਖਰਚੇ ਨਾਲ ਬਣਾਇਆ ਹੈ। ਪੀ. ਐੱਮ. ਆਵਾਸ ਵਿਚ ਫਾਰਮ ਭਰਿਆ ਸੀ ਪਰ ਨੰਬਰ ਨਹੀਂ ਆਇਆ। ਟਾਇਲੈੱਟ ਵੀ ਨਹੀਂ ਹੈ। ਉਸ ਦਾ ਪੈਸਾ ਵੀ ਨਹੀਂ ਮਿਲਿਆ।