ਹੁਣ ਇਕ ਹੋਰ ਨਵਾਂ ਟੈਕਸ ਸਲੈਬ ਲਿਆਉਣ ਜਾ ਰਹੀ ਹੈ ਸਰਕਾਰ : ਰਾਹੁਲ

Saturday, Dec 07, 2024 - 07:37 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਅਮੀਰਾਂ ਨੂੰ ਰਾਹਤ ਦੇ ਰਹੀ ਹੈ ਅਤੇ ਗਰੀਬਾਂ ਨੂੰ ਲੁੱਟ ਕੇ ਸਰਮਾਏਦਾਰਾਂ ਦਾ ਪਾਲਣ ਪੋਸ਼ਣ ਕਰ ਰਹੀ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਗਰੀਬਾਂ ਨੂੰ ਲੁੱਟ ਰਹੀ ਹੈ ਅਤੇ ਸਰਮਾਏਦਾਰਾਂ ਨੂੰ ਟੈਕਸ ਰਾਹਤ ਦੇ ਰਹੀ ਹੈ।

ਰਾਹੁਲ ਨੇ ਕਿਹਾ ਕਿ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਲਗਾ ਕੇ ਆਮ ਲੋਕਾਂ ਨੂੰ ਮਹਿੰਗਾਈ ਦੀ ਅੱਗ ’ਚ ਝੌਂਕ ਕੇ ਉਨ੍ਹਾਂ ਦਾ ਜਿਊਣਾ ਮੁਹਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਮਾਏਦਾਰਾਂ ਨੂੰ ਛੋਟ ਅਤੇ ਆਮ ਲੋਕਾਂ ਦੀ ਲੁੱਟ ਕਰਨ ਦੀ ਇਕ ਹੋਰ ਮਿਸਾਲ ਦੇਖੋ। ਇਕ ਪਾਸੇ ਕਾਰਪੋਰੇਟ ਟੈਕਸ ਦੇ ਮੁਕਾਬਲੇ ਆਮਦਨ ਟੈਕਸ ਲਗਾਤਾਰ ਵਧ ਰਿਹਾ ਹੈ। ਦੂਜੇ ਪਾਸੇ ਮੋਦੀ ਸਰਕਾਰ ‘ਗੱਬਰ ਸਿੰਘ ਟੈਕਸ’ ਰਾਹੀਂ ਹੋਰ ਵਸੂਲੀ ਕਰਨ ਦੀ ਤਿਆਰੀ ਕਰ ਰਹੀ ਹੈ। ਸੁਣਨ ਵਿਚ ਆ ਰਿਹਾ ਹੈ ਕਿ ਜੀ. ਐੱਸ. ਟੀ. ਤੋਂ ਲਗਾਤਾਰ ਵੱਧ ਰਹੀ ਵਸੂਲੀ ਦੇ ਵਿਚਕਾਰ ਸਰਕਾਰ ਇਕ ਨਵਾਂ ਟੈਕਸ ਸਲੈਬ ਪੇਸ਼ ਕਰਨ ਜਾ ਰਹੀ ਹੈ - ਤੁਹਾਡੀਆਂ ਲੋੜੀਂਦੀਆਂ ਚੀਜ਼ਾਂ ’ਤੇ ਜੀ. ਐੱਸ. ਟੀ. ਵਧਾਉਣ ਦੀ ਯੋਜਨਾ ਹੈ।

ਕਾਂਗਰਸੀ ਆਗੂ ਨੇ ਕਿਹਾ ਕਿ ਜ਼ਰਾ ਸੋਚੋ- ਅਜੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਲੋਕ ਕਦੋਂ ਤੋਂ ਪਾਈ-ਪਾਈ ਜੋੜ ਕੇ ਪੈਸੇ ਇਕੱਠੇ ਕਰ ਰਹੇ ਹੋਣਗੇ ਅਤੇ ਸਰਕਾਰ ਇਸ ਦਰਮਿਆਨ 1500 ਰੁਪਏ ਤੋਂ ਉੱਪਰ ਦੇ ਕੱਪੜਿਆਂ ’ਤੇ ਜੀ. ਐੱਸ. ਟੀ. 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰਨ ਜਾ ਰਹੀ ਹੈ। ਇਹ ਬੇਇਨਸਾਫੀ ਹੈ - ਅਰਬਪਤੀਆਂ ਨੂੰ ਟੈਕਸ ਵਿਚ ਛੋਟ ਦੇਣ ਅਤੇ ਉਨ੍ਹਾਂ ਦੇ ਵੱਡੇ ਤੋਂ ਵੱਡੇ ਕਰਜ਼ੇ ਮੁਆਫ ਕਰਨ ਲਈ ਗਰੀਬ ਅਤੇ ਮਧਿਅਮ ਵਰਗੀ ਪਰਿਵਾਰਾਂ ਦੀ ਮਿਹਨਤ ਦੀ ਕਮਾਈ ਨੂੰ ਟੈਕਸ ਰਾਹੀਂ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਇਸ ਬੇਇਨਸਾਫ਼ੀ ਖ਼ਿਲਾਫ ਹੈ। ਆਮ ਲੋਕਾਂ ’ਤੇ ਪੈ ਰਹੀ ਟੈਕਸਾਂ ਦੀ ਮਾਰ ਵਿਰੁੱਧ ਅਸੀਂ ਜ਼ੋਰਦਾਰ ਆਵਾਜ਼ ਉਠਾਵਾਂਗੇ ਅਤੇ ਇਸ ਲੁੱਟ ਨੂੰ ਰੋਕਣ ਲਈ ਸਰਕਾਰ ’ਤੇ ਦਬਾਅ ਪਾਵਾਂਗੇ।


Rakesh

Content Editor

Related News