ਅੱਧੀ ਰਾਤ ਅਚਾਨਕ ‘ਏਮਸ’ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ, ਮਰੀਜ਼ਾਂ ਦਾ ਪੁੱਛਿਆ ਹਾਲ-ਚਾਲ
Friday, Jan 17, 2025 - 09:16 PM (IST)
ਨਵੀਂ ਦਿੱਲੀ (ਅਨਸ)- ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀਰਵਾਰ ਅੱਧੀ ਰਾਤ ਨੂੰ ਦਿੱਲੀ ਦੇ ‘ਏਮਸ’ ਦੇ ਬਾਹਰ ਪਹੁੰਚੇ। ਉਹ ਹਸਪਤਾਲ ਦੇ ਆਲੇ-ਦੁਆਲੇ ਸੜਕਾਂ, ਫੁੱਟਪਾਥਾਂ ਤੇ ਸਬਵੇਅ ’ਤੇ ਬੈਠੇ ਬਹੁਤ ਸਾਰੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇ। ਰਾਹੁਲ ਨੇ ਕੇਂਦਰ ਤੇ ਦਿੱਲੀ ਸਰਕਾਰਾਂ ’ਤੇ ਉਨ੍ਹਾਂ ਪ੍ਰਤੀ ਬੇਧਿਆਨੀ ਵਿਖਾਉਣ ਦਾ ਦੋਸ਼ ਲਾਇਆ।
ਉਨ੍ਹਾਂ ਲੋਕਾਂ ਕੋਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਬਾਰੇ ਪੁੱਛਿਆ। ਰਾਹੁਲ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਬੀਮਾਰੀ ਦਾ ਭਾਰ, ਠੰਡ ਤੇ ਸਰਕਾਰੀ ਬੇਧਿਆਨੀ।’ ਅੱਜ ਮੈਂ ਏਮਸ ਦੇ ਬਾਹਰ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਿਆ ਜੋ ਇਲਾਜ ਦੀ ਉਮੀਦ ਨਾਲ ਦੂਰ-ਦੂਰ ਤੋਂ ਆਏ ਹਨ। ਇਲਾਜ ਲਈ ਆਉਣ ਸਮੇਂ ਉਨ੍ਹਾਂ ਨੂੰ ਸੜਕਾਂ, ਫੁੱਟਪਾਥਾਂ ਤੇ ਸਬਵੇਅ ਵਿਖੇ ਸੌਣ ਲਈ ਮਜਬੂਰ ਕੀਤਾ ਜਾਂਦਾ ਹੈ। ਠੰਡੀ ਜ਼ਮੀਨ, ਭੁੱਖ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਉਹ ਸਭ ਸਹੂਲਤਾਂ ਦੀ ਉਮੀਦ ਲਾਈ ਰੱਖਦੇ ਹਨ। ਕੇਂਦਰ ਅਤੇ ਦਿੱਲੀ ਸਰਕਾਰਾਂ ਉਨ੍ਹਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ’ਚ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ।
ਇਸ ਦੇ ਨਾਲ ਹੀ ਕਾਂਗਰਸ ਨੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਪਾਰਟੀ ਨੇ ਟਵਿੱਟਰ ’ਤੇ ਲਿਖਿਆ ਕਿ ਮੋਦੀ ਸਰਕਾਰ ਤੇ ਦਿੱਲੀ ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਦੋਹਾਂ ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ ਹੈ।
ਇਕ ਹੋਰ ਪੋਸਟ ’ਚ ਕਾਂਗਰਸ ਨੇ ਲਿਖਿਆ ਕਿ ਇਲਾਜ ਲਈ ਮਹੀਨਿਆਂ ਤੋਂ ਉਡੀਕ, ਮੁਸ਼ਕਲਾਂ ਤੇ ਸਰਕਾਰ ਦੀ ਗੈਰ-ਗੰਭੀਰਤਾ-ਇਹ ਅੱਜ ਦਿੱਲੀ ਦੇ ਏਮਸ ਦੀ ਅਸਲੀਅਤ ਹੈ। ਹਾਲਾਤ ਇਹ ਹਨ ਕਿ ਆਪਣੇ ਅਜ਼ੀਜ਼ਾਂ ਦੀ ਬਿਮਾਰੀ ਦਾ ਭਾਰ ਚੁੱਕ ਕੇ ਆਏ ਲੋਕ ਇਸ ਕੜਾਕੇ ਦੀ ਠੰਢ ’ਚ ਫੁੱਟਪਾਥਾਂ ’ਤੇ ਸੌਣ ਲਈ ਮਜਬੂਰ ਹਨ। ਰਾਹੁਲ ਗਾਂਧੀ ਇਲਾਜ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਮਿਲੇ, ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।