ਵਾਇਨਾਡ ਪਹੁੰਚੇ ਰਾਹੁਲ ਗਾਂਧੀ, ਹਾਥੀਆਂ ਦੇ ਹਮਲੇ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

Sunday, Feb 18, 2024 - 05:36 PM (IST)

ਵਾਇਨਾਡ ਪਹੁੰਚੇ ਰਾਹੁਲ ਗਾਂਧੀ, ਹਾਥੀਆਂ ਦੇ ਹਮਲੇ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

ਨੈਸ਼ਨਲ ਡੈਸਕ- ਕਾਂਗਰਸ ਨੇਤਾ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਐਤਵਾਰ ਨੂੰ ਆਪਣੇ ਸੰਸਦੀ ਹਲਕੇ ਦਾ ਦੌਰਾ ਕੀਤਾ ਅਤੇ ਹਾਲ ਹੀ ਵਿੱਚ ਜੰਗਲੀ ਹਾਥੀਆਂ ਦੇ ਹਮਲੇ ਦੇ ਦੋ ਪੀੜਤਾਂ ਦੇ ਘਰਾਂ ਜਾ ਕੇ ਸੰਵੇਦਨਾ ਜ਼ਾਹਰ ਕੀਤੀ। ਰਾਹੁਲ ਗਾਂਧੀ ਆਪਣੇ ਸੰਸਦੀ ਖੇਤਰ ਵਿੱਚ ਮਨੁੱਖ-ਜਾਨਵਰ ਸੰਘਰਸ਼ ਦੇ ਹੱਲ ਦੀ ਮੰਗ ਨੂੰ ਲੈ ਕੇ ਸਥਾਨਕ ਲੋਕਾਂ ਦੇ ਵੱਧ ਰਹੇ ਵਿਰੋਧ ਦੇ ਮੱਦੇਨਜ਼ਰ ਵਾਰਾਣਸੀ ਵਿੱਚ ਆਪਣੀ ਭਾਰਤ ਜੋੜੋ ਨਿਆਂ ਯਾਤਰਾ ਨੂੰ ਅਚਾਨਕ ਰੋਕਣ ਤੋਂ ਬਾਅਦ ਸ਼ਨੀਵਾਰ ਰਾਤ ਗੁਆਂਢੀ ਕੰਨੂਰ ਜ਼ਿਲ੍ਹੇ ਵਿੱਚ ਪਹੁੰਚੇ। ਕੰਨੂਰ ਤੋਂ ਉਹ ਸੜਕ ਰਾਹੀਂ ਵਾਇਨਾਡ ਲਈ ਰਵਾਨਾ ਹੋਏ, ਜਿਸ ਦੌਰਾਨ ਉਨ੍ਹਾਂ ਦੇ ਨਾਲ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਹੋਰ ਸਥਾਨਕ ਆਗੂ ਵੀ ਮੌਜੂਦ ਸਨ।

ਉਹ ਪੀੜਤ ਅਜੀ (42) ਦੇ ਘਰ 20 ਮਿੰਟ ਤੋਂ ਵੱਧ ਸਮਾਂ ਰੁਕੇ। ਅਜੀ ਨੂੰ ਪਿਛਲੇ ਹਫ਼ਤੇ ਵਾਇਨਾਡ ਜ਼ਿਲ੍ਹੇ ਦੇ ਮਨੰਤਵਾਦੀ ਖੇਤਰ ਵਿੱਚ ਇੱਕ ਰੇਡੀਓ-ਕਾਲਰ ਲੱਗੇ ਹਾਥੀ ਦੁਆਰਾ ਕੁਚਲ ਕੇ ਮਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਭਾਰੀ ਵਿਰੋਧ ਪ੍ਰਦਰਸ਼ਨ ਹੋਇਆ ਸੀ। ਅਜੀ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਉਹ ਜੰਗਲਾਤ ਵਿਭਾਗ ਦੇ ਈਕੋ-ਟੂਰਿਜ਼ਮ ਗਾਈਡ ਪਾਲ ਦੇ ਘਰ ਗਏ ਅਤੇ ਉੱਥੇ ਕੁਝ ਸਮਾਂ ਬਿਤਾਇਆ। ਈਕੋ-ਟੂਰਿਜ਼ਮ ਗਾਈਡ ਪੌਲ ਨੂੰ ਸ਼ੁੱਕਰਵਾਰ ਨੂੰ ਕੁਰੂਵਾ ਟਾਪੂ ਦੇ ਨੇੜੇ ਇੱਕ ਜੰਗਲੀ ਹਾਥੀ ਨੇ ਮਾਰ ਦਿੱਤਾ। ਗਾਂਧੀ ਦੁਪਹਿਰ ਨੂੰ ਪ੍ਰਯਾਗਰਾਜ ਲਈ ਰਵਾਨਾ ਹੋਣ ਤੋਂ ਪਹਿਲਾਂ ਕਲਪੇਟਾ ਵਿੱਚ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੇ ਰੈਸਟ ਹਾਊਸ ਵਿੱਚ ਜ਼ਿਲ੍ਹਾ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਵਿੱਚ ਵੀ ਸ਼ਾਮਲ ਹੋਣਗੇ।


author

Rakesh

Content Editor

Related News