ਗਾਇਕ ਜ਼ੂਬੀਨ ਗਰਗ ਨੂੰ ਸ਼ਰਧਾਂਜਲੀ ਦੇਣ ਲਈ ਗੁਹਾਟੀ ਪਹੁੰਚੇ ਰਾਹੁਲ ਗਾਂਧੀ
Friday, Oct 17, 2025 - 04:00 PM (IST)

ਗੁਹਾਟੀ (ਏਜੰਸੀ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਗਾਇਕ ਜ਼ੂਬੀਨ ਗਰਗ ਨੂੰ ਸ਼ਰਧਾਂਜਲੀ ਦੇਣ ਲਈ ਇਥੇ ਪਹੁੰਚੇ। ਗਾਇਕ ਜ਼ੂਬੀਨ ਗਰਗ (52) ਦਾ ਪਿਛਲੇ ਮਹੀਨੇ ਸਿੰਗਾਪੁਰ ਵਿੱਚ ਦੇਹਾਂਤ ਹੋ ਗਿਆ ਸੀ। ਅਸਾਮ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਗੌਰਵ ਗੋਗੋਈ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਨੇ ਇੱਥੇ ਪ੍ਰਸਿੱਧ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਕਾਂਗਰਸ ਦੇ ਇਕ ਨੇਤਾ ਨੇ ਕਿਹਾ ਕਿ ਗਾਂਧੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਗੁਹਾਟੀ ਦੇ ਬਾਹਰੀ ਇਲਾਕੇ ਸੋਨਾਪੁਰ ਸਥਿਤ ਗਰਗ ਦੀ ਸਮਾਧੀ ਵਾਲੀ ਥਾਂ 'ਤੇ ਸਿੱਧਾ ਜਾਣਗੇ। ਉਨ੍ਹਾਂ ਕਿਹਾ ਕਿ ਉਹ ਨਵੀਂ ਦਿੱਲੀ ਪਰਤਣ ਤੋਂ ਪਹਿਲਾਂ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਗਾਇਕ ਦੇ ਘਰ ਵੀ ਜਾਣਗੇ। ਜ਼ੂਬੀਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਮੌਤ ਹੋ ਗਈ ਸੀ। ਜ਼ੂਬੀਨ ਦਾ 23 ਸਤੰਬਰ ਨੂੰ ਗੁਹਾਟੀ ਨੇੜੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਸੀ।
ਅਸਾਮ ਸਰਕਾਰ ਨੇ ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਬਣਾਈ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਸਾਂਸਦ ਰਾਹੁਲ ਗਾਂਧੀ ਦਾ ਦੌਰਾ ਜ਼ੂਬੀਨ ਗਰਗ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਮੌਤ ਦੇ 28 ਦਿਨਾਂ ਬਾਅਦ ਹੋ ਰਿਹਾ ਹੈ, ਪਰ ਉਨ੍ਹਾਂ ਨੇ ਕਿਹਾ ਕਿ “ਨਾ ਆਉਣ ਨਾਲ ਚੰਗਾ ਹੈ ਦੇਰੀ ਨਾਲ ਆਉਣਾ”। ਮੁੱਖ ਮੰਤਰੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਸਾਨੂੰ ਉਮੀਦ ਸੀ ਕਿ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਜਾਂ ਕੋਈ ਹੋਰ ਸੀਨੀਅਰ ਕਾਂਗਰਸੀ ਆਗੂ ਗਾਇਕ ਦੇ ਅੰਤਿਮ ਸੰਸਕਾਰ ਵਿੱਚ ਹਾਜ਼ਰ ਹੋਵੇਗਾ।" ਉਨ੍ਹਾਂ ਇਹ ਵੀ ਕਿਹਾ ਕਿ ਕਿਉਂਕਿ ਗਾਂਧੀ ਗਾਇਕ ਨੂੰ ਸ਼ਰਧਾਂਜਲੀ ਦੇਣ ਆ ਰਹੇ ਹਨ, "ਅਸੀਂ ਉਨ੍ਹਾਂ ਦੇ ਰਾਜ ਵਿੱਚ ਆਉਣ ਦਾ ਸਵਾਗਤ ਕਰਦੇ ਹਾਂ।"