ਰਾਹੁਲ ਗਾਂਧੀ ਦਾ ਵੱਡਾ ਐਲਾਨ, ਸੱਤਾ 'ਚ ਆਉਣ 'ਤੇ GST 'ਚ ਬਦਲਾਅ ਦਾ ਕੀਤਾ ਵਾਅਦਾ
Saturday, Jan 23, 2021 - 10:51 PM (IST)
ਕੋਇੰਬਟੂਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤਾਮਿਲਨਾਡੂ ਦੌਰੇ 'ਤੇ ਹਨ। ਉਥੇ ਹੀ ਤੀਰੁਪੁਰ ਵਿੱਚ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਸਰਕਾਰ ਵਿੱਚ ਆਉਂਦੇ ਹਨ ਤਾਂ ਜੀ.ਐੱਸ.ਟੀ. ਵਿੱਚ ਬਦਲਾਅ ਕਰਨਗੇ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੇਂਦਰ ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ 'ਤੇ ਮਾਲ ਅਤੇ ਸੇਵਾ ਕਰ (ਜੀ.ਐੱਸ.ਟੀ.) ਨੂੰ ਫਿਰ ਨਵਾਂ ਰੂਪ ਦਿੱਤਾ ਜਾਵੇਗਾ।
ਰਾਹੁਲ ਗਾਂਧੀ ਨੇ ਕਿਹਾ, ਕਾਂਗਰਸ ਅਤੇ UPA ਬਹੁਤ ਸਪੱਸ਼ਟ ਹੈ ਕਿ ਜੇਕਰ ਅਸੀਂ ਸਰਕਾਰ ਵਿੱਚ ਆਏ ਤਾਂ ਅਸੀ GST ਵਿੱਚ ਬਦਲਾਅ ਕਰਾਂਗੇ। ਅਸੀਂ ਤੁਹਾਨੂੰ ਅਜਿਹਾ GST ਦੇਵਾਂਗੇ ਜਿਸ ਵਿੱਚ ਸਿਰਫ ਇੱਕ ਟੈਕਸ ਹੋਵੇਗਾ ਅਤੇ ਉਹ ਘੱਟ ਤੋਂ ਘੱਟ ਹੋਵੇਗਾ। ਰਾਹੁਲ ਗਾਂਧੀ ਨੇ ਲਘੂ ਅਤੇ ਦਰਮਿਆਨੇ ਉਦਯੋਗਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਵਿੱਚ ਇਹ ਵੀ ਭਰੋਸਾ ਦਵਾਇਆ ਕਿ ਕਾਂਗਰਸ ਦੀ ਸਰਕਾਰ ਵਿੱਚ ‘ਇੱਕ ਟੈਕਸ, ਘੱਟੋ ਘੱਟ’ ਦੇ ਸਿੱਧਾਂਤ 'ਤੇ ਅਮਲ ਕੀਤਾ ਜਾਵੇਗਾ। ਰਾਹੁਲ ਗਾਂਧੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਜੀ.ਐੱਸ.ਟੀ. ਦੀ ਵਿਵਸਥਾ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ਜੀ.ਐੱਸ.ਟੀ. ਦੀ ਮੌਜੂਦਾ ਵਿਵਸਥਾ ਨਹੀਂ ਚੱਲ ਸਕਦੀ। ਇਸ ਨਾਲ ਐੱਮ.ਐੱਸ.ਐੱਮ.ਈ. 'ਤੇ ਬਹੁਤ ਭਾਰ ਪਵੇਗਾ ਅਤੇ ਸਾਡਾ ਆਰਥਿਕ ਤੰਤਰ ਤਬਾਹ ਹੋ ਜਾਵੇਗਾ।