ਹਾਥਰਸ ਘਟਨਾ ਦੀ ਪੀੜਤਾ ਦੇ ਪਰਿਵਾਰ ਨੂੰ ਮਿਲਣ ਲਈ ਰਵਾਨਾ ਹੋਏ ਰਾਹੁਲ ਅਤੇ ਪ੍ਰਿਯੰਕਾ

10/03/2020 4:25:47 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਹਾਥਰਸ ਸਮੂਹਕ ਬਲਾਤਕਾਰ ਘਟਨਾ ਦੀ ਪੀੜਤਾ ਦੇ ਪਰਿਵਾਰ ਨੂੰ ਮਿਲਣ ਲਈ ਸ਼ਨੀਵਾਰ ਨੂੰ ਡੀ.ਐੱਨ.ਡੀ. ਤੋਂ ਹਾਥਰਸ ਰਵਾਨਾ ਹੋ ਗਏ। ਸੂਤਰਾਂ ਅਨੁਸਾਰ ਡੀ.ਐੱਨ.ਡੀ. 'ਤੇ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਦੇ ਵੱਡੀ ਗਿਣਤੀ 'ਚ ਜਮ੍ਹਾ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਰਾਹੁਲ ਗਾਂਧੀ ਸਮੇਤ 5 ਲੋਕਾਂ ਨੂੰ ਹਾਥਰਸ ਜਾਣ ਦੀ ਮਨਜ਼ੂਰੀ ਦਿੱਤੀ। ਇਸ ਤੋਂ ਬਾਅਦ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਦੇ ਕੁਝ ਹੋਰ ਨੇਤਾ ਹਾਥਰਸ ਲਈ ਰਵਾਨਾ ਹੋਏ ਗਏ। ਇਸ ਤੋਂ ਪਹਿਲਾਂ ਰਾਹੁਲ ਅਤੇ ਪ੍ਰਿਯੰਕਾ ਇਕ ਹੀ ਵਾਹਨ 'ਚ ਡੀ.ਐੱਨ.ਡੀ. ਤੱਕ ਪਹੁੰਚੇ ਸਨ ਅਤੇ ਵਾਹਨ ਪ੍ਰਿਯੰਕਾ ਖ਼ੁਦ ਚੱਲਾ ਰਹੀ ਸੀ। ਦੋਹਾਂ ਨੇਤਾਵਾਂ ਨਾਲ, ਪਾਰਟੀ ਸੰਸਦ ਮੈਂਬਰ ਦਾ ਇਕ ਵਫ਼ਦ ਹਾਥਰਸ ਜਾ ਰਿਹਾ ਹੈ। ਕਾਂਗਰਸ ਵਲੋਂ ਜਾਰੀ ਇਕ ਵੀਡੀਓ ਅਨੁਸਾਰ, ਰਾਹੁਲ ਅਤੇ ਪ੍ਰਿਯੰਕਾ ਇਕ ਵਾਹਨ 'ਚ ਸਵਾਰ ਹਨ ਅਤੇ ਪ੍ਰਿਯੰਕਾ ਖ਼ੁਦ ਇਸ ਵਾਹਨ ਨੂੰ ਚੱਲਾ ਰਹੀ ਹੈ। ਦੂਜੇ ਪਾਸੇ ਕਾਂਗਰਸ ਦੇ ਕਈ ਸੰਸਦ ਮੈਂਬਰ ਬੱਸ 'ਚ ਸਵਾਰ ਹੋ ਕੇ ਹਾਥਰਸ ਲਈ ਨਿਕਲੇ ਹਨ।

 

ਹਾਥਰਸ ਰਵਾਨਾ ਹੋਣ ਤੋਂ ਕੁਝ ਦੇਰ ਪਹਿਲਾਂ, ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੁਖੀ ਪਰਿਵਾਰ ਨੂੰ ਮਿਲਣ ਤੋਂ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਉਨ੍ਹਾਂ ਨੇ ਟਵੀਟ ਕੀਤਾ,''ਦੁਨੀਆ ਦੀ ਕੋਈ ਵੀ ਤਾਕਤ ਮੈਨੂੰ ਹਾਥਰਸ ਦੇ ਇਸ ਦੁਖੀ ਪਰਿਵਾਰ ਨਾਲ ਮਿਲ ਕੇ ਉਨ੍ਹਾਂ ਦਾ ਦਰਦ ਵੰਡਣ ਤੋਂ ਨਹੀਂ ਰੋਕ ਸਕਦੀ।'' ਕਾਂਗਰਸ ਨੇਤਾ ਨੇ ਕਿਹਾ,''ਇਸ ਪਿਆਰੀ ਬੱਚੀ ਅਤੇ ਉਸ ਦੇ ਪਰਿਵਾਰ ਨਾਲ ਉੱਤਰ ਪ੍ਰਦੇਸ਼ ਸਰਕਾਰ ਅਤੇ ਉਸ ਦੀ ਪੁਲਸ ਵਲੋਂ ਕੀਤਾ ਜਾ ਰਿਹਾ ਰਵੱਈਆ ਮੈਨੂੰ ਸਵੀਕਾਰ ਨਹੀਂ। ਕਿਸੇ ਵੀ ਹਿੰਦੁਸਤਾਨੀ ਨੂੰ ਇਹ ਸਵੀਕਾਰ ਨਹੀਂ ਕਰਨਾ ਚਾਹੀਦਾ।'' ਇਸ ਤੋਂ ਪਹਿਲਾਂ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਪੁਲਸ ਨੇ ਵੀਰਵਾਰ ਨੂੰ ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਲਈ ਹਾਥਰਸ ਜਾਣ ਤੋਂ ਰੋਕ ਕੇ ਹਿਰਾਸਤ 'ਚ ਲੈ ਲਿਆ ਸੀ।

ਦੂਜੇ ਪਾਸੇ ਕਾਂਗਰਸ ਨੇ ਦਾਅਵਾ ਕੀਤਾ ਕਿ ਰਾਹੁਲ ਅਤੇ ਪ੍ਰਿਯੰਕਾ ਨੂੰ ਉੱਤਰ ਪ੍ਰਦੇਸ਼ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਦੱਸਣਯੋਗ ਹੈ ਕਿ 14 ਸਤੰਬਰ ਨੂੰ ਹਾਥਰਸ ਦੇ ਚਾਰ ਨੌਜਵਾਨਾਂ ਨੇ 19 ਸਾਲਾ ਦਲਿਤ ਕੁੜੀ ਨਾਲ ਸਮੂਹਕ ਜਬਰ ਜ਼ਿਨਾਹ ਕੀਤਾ ਸੀ ਅਤੇ ਮੰਗਲਵਾਰ ਨੂੰ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਬੁੱਧਵਾਰ ਰਾਤ ਨੂੰ ਉਸ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੀੜਤਾ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਸ ਨੇ ਉਨ੍ਹਾਂ ਨੂੰ ਰਾਤ ਨੂੰ ਅੰਤਿਮ ਸੰਸਕਾਰ ਕਰਨ ਲਈ ਮਜ਼ਬੂਰ ਕੀਤਾ। ਫਿਲਹਾਲ ਸਥਾਨਕ ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਦੀ ਇੱਛਾ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ।

 


DIsha

Content Editor

Related News