ਪੀ. ਐੱਮ. ਮੋਦੀ ਨੇ ਕੀਤਾ ਫੌਜ ਦਾ ਅਪਮਾਨ : ਰਾਹੁਲ ਗਾਂਧੀ

Saturday, May 04, 2019 - 03:36 PM (IST)

ਪੀ. ਐੱਮ. ਮੋਦੀ ਨੇ ਕੀਤਾ ਫੌਜ ਦਾ ਅਪਮਾਨ : ਰਾਹੁਲ ਗਾਂਧੀ

ਨਵੀਂ ਦਿੱਲੀ (ਵਾਰਤਾ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਸਰਕਾਰ ਦੇ ਸਮੇਂ ਕੀਤੀਆਂ ਗਈਆਂ 6 ਸਰਜੀਕਲ ਸਟਰਾਈਕ ਨੂੰ 'ਵੀਡੀਓ ਗੇਮ' ਕਰਾਰ ਦੇਣ ਅਤੇ ਇਨ੍ਹਾਂ ਦਾ ਮਜ਼ਾਕ ਉਡਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਹੈ। ਰਾਹੁਲ ਨੇ ਕਿਹਾ ਕਿ ਪੀ. ਐੱਮ. ਮੋਦੀ ਨੇ ਅਜਿਹਾ ਕਹਿ ਕੇ ਫੌਜ ਦਾ ਅਪਮਾਨ ਕੀਤਾ ਹੈ। ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਾਂਗਰਸ ਹੈੱਡਕੁਆਰਟਰ ਵਿਚ ਆਯੋਜਿਤ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਫੌਜ ਕਿਸੇ ਦੀ ਨਿਜੀ ਸੰਪੱਤੀ ਨਹੀਂ ਹੈ। ਫੌਜ ਰਾਸ਼ਟਰ ਦੀ ਹੁੰਦੀ ਹੈ ਅਤੇ ਉਸ ਦਾ ਅਪਮਾਨ ਨਹੀਂ ਕੀਤਾ ਜਾ ਸਕਦਾ ਪਰ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਮਰਿਆਦਾ ਦੀ ਪਰਵਾਹ ਕੀਤੇ ਬਿਨਾਂ ਫੌਜ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਸਮਝਣਾ ਚਾਹੀਦਾ ਹੈ ਕਿ ਫੌਜ, ਹਵਾਈ ਫੌਜ ਅਤੇ ਜਲ ਸੈਨਾ ਉਨ੍ਹਾਂ ਦੀ ਨਿੱਜੀ ਸੰਪੱਤੀ ਨਹੀਂ ਹੈ। ਫੌਜ ਪੂਰੇ ਦੇਸ਼ ਦੀ ਹੁੰਦੀ ਹੈ ਪਰ ਜਦੋਂ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਕਾਂਗਰਸ ਦੀ ਲੀਡਰਸ਼ਿਪ ਵਾਲੀ ਯੂ. ਪੀ. ਏ. ਸਰਕਾਰ ਨੇ ਸਰਜੀਕਲ ਸਟਰਾਈਕ ਵੀਡੀਓ ਗੇਮ ਵਿਚ ਕੀਤੀ ਸੀ ਤਾਂ ਉਹ ਕਾਂਗਰਸ ਦਾ ਨਹੀਂ ਸਗੋਂ ਫੌਜ ਦਾ ਅਪਮਾਨ ਹੈ।

ਪ੍ਰਧਾਨ ਮੰਤਰੀ 'ਤੇ ਫੌਜੀ ਬਲਾਂ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਉਂਦੇ ਹੋਏ ਰਾਹੁਲ ਨੇ ਕਿਹਾ ਕਿ ਫੌਜ ਦੇਸ਼ ਦੀ ਰੱਖਿਆ ਲਈ ਹੁੰਦੀ ਹੈ ਅਤੇ ਉਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਫੌਜ ਨੂੰ ਸਿਆਸਤ ਵਿਚ ਨਹੀਂ ਘਸੀਟਿਆ ਜਾਣਾ ਚਾਹੀਦਾ ਅਤੇ ਨਾ ਹੀ ਫੌਜ ਦਾ ਅਪਮਾਨ ਕੀਤਾ ਜਾਣਾ ਚਾਹੀਦਾ ਹੈ। ਰਾਹੁਲ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਕਦੇ ਵੀ ਫੌਜ ਦਾ ਸਿਆਸੀਕਰਨ ਨਹੀਂ ਕੀਤਾ।


author

Tanu

Content Editor

Related News