ਕੋਰੋਨਾ ਟੀਕਿਆਂ ਦੀ ਕਮੀ ਗੰਭੀਰ ਸਮੱਸਿਆ, ਸਾਰੇ ਸੂਬਿਆਂ ਦੀ ਬਿਨਾਂ ਪੱਖਪਾਤ ਮਦਦ ਕਰੇ ਕੇਂਦਰ : ਰਾਹੁਲ
Friday, Apr 09, 2021 - 11:47 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵੱਧਦੇ ਸੰਕਟ ਵਿਚਾਲੇ ਟੀਕੇ ਦੀ ਕਮੀ ਹੋਣਾ ਬਹੁਤ ਗੰਭੀਰ ਸਮੱਸਿਆ ਹੈ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੱਖਪਾਤ ਕੀਤੇ ਬਿਨਾਂ ਸਾਰੇ ਸੂਬਿਆਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਹੈ, ਜਦੋਂ ਮਹਾਰਾਸ਼ਟਰ ਅਤੇ ਹੋਰ ਸੂਬਿਆਂ 'ਚ ਕੋਵਿਡ ਰੋਕੂ ਟੀਕੇ ਦੀ ਕਮੀ ਹੋਣ ਦੀਆਂ ਖ਼ਬਰਾਂ ਆਈਆਂ ਹਨ।
ਰਾਹੁਲ ਨੇ ਟਵੀਟ ਕੀਤਾ,''ਵੱਧਦੇ ਕੋਰੋਨਾ ਸੰਕਟ 'ਚ ਟੀਕੇ ਦੀ ਕਮੀ ਇਕ ਬੇਹੱਦ ਗੰਭੀਰ ਸਮੱਸਿਆ ਹੈ, 'ਉਤਸਵ' ਨਹੀਂ ਹੈ। ਆਪਣੇ ਦੇਸ਼ ਵਾਸੀਆਂ ਨੂੰ ਖ਼ਤਰੇ 'ਚ ਪਾ ਕੇ ਵੈਕਸੀਨ ਦਾ ਨਿਰਯਾਤ ਕਰਨਾ ਕੀ ਸਹੀ ਹੈ?'' ਕਾਂਗਰਸ ਨੇਤਾ ਨੇ ਕਿਹਾ,''ਕੇਂਦਰ ਸਰਕਾਰ ਸਾਰੇ ਸੂਬਿਆਂ ਦੀ, ਬਿਨਾਂ ਪੱਖਪਾਤ ਦੇ ਮਦਦ ਕਰੇ। ਸਾਨੂੰ ਸਾਰਿਆਂ ਨੇ ਮਿਲ ਕੇ ਇਸ ਬੀਮਾਰੀ ਨੂੰ ਹਰਾਉਣਾ ਹੋਵੇਗਾ।'' ਦੱਸਣਯੋਗ ਹੈ ਕਿ ਇਕ ਦਿਨ 'ਚ ਕੋਵਿਡ-19 ਦੇ 1,31,968 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ 'ਚ ਪੀੜਤਾਂ ਦੀ ਕੁੱਲ ਗਿਣਤੀ 1,30,60,542 ਹੋ ਗਈ। ਉੱਥੇ ਹੀ 780 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,67,642 ਹੋ ਗਈ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ PM ਮੋਦੀ 'ਤੇ ਤੰਜ, ਕਿਹਾ- 'ਖਰਚਿਆਂ 'ਤੇ ਵੀ ਚਰਚਾ' ਹੋਣੀ ਚਾਹੀਦੀ ਹੈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ