ਕੋਰੋਨਾ ਦੇ ਇਕ ਕਰੋੜ ਕੇਸ: 21 ਦਿਨਾਂ ਦੀ ਤਾਲਾਬੰਦੀ ’ਤੇ ਰਾਹੁਲ ਗਾਂਧੀ ਨੇ ਫਿਰ ਘੇਰੀ ਮੋਦੀ ਸਰਕਾਰ
Saturday, Dec 19, 2020 - 12:28 PM (IST)
ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਲਾਗ ਦੇ ਕੇਸਾਂ ’ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਭਾਰਤ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਇਕ ਕਰੋੜ ਦੇ ਪਾਰ ਹੋ ਚੁੱਕੀ ਹੈ। ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਨੇ ਟਵਿੱਟਰ ’ਤੇ ਟਵੀਟ ਕਰ ਕੇ ਇਕ ਵਾਰ ਫਿਰ ਤੋਂ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਸਵਾਲ ਚੁੱਕੇ ਹਨ।
ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਇਕ ਕਰੋੜ ਕੋਰੋਨਾ ਪੀੜਤ ਅਤੇ ਲੱਗਭਗ 1.5 ਲੱਖ ਮੌਤਾਂ! ਪੀ. ਐੱਮ. ਮੋਦੀ ਦਾ 21 ਦਿਨਾਂ ਵਿਚ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਦਾ ਦਾਅਵਾ ਯੋਜਨਾਬੱਧ ਤਾਲਾਬੰਦੀ ਦੇ ਚੱਲਦੇ ਸਹੀ ਸਾਬਤ ਨਹੀਂ ਹੋਇਆ। ਇਸ ਨਾਲ ਲੱਖਾਂ ਲੋਕਾਂ ਦੀ ਜਾਨ ਜ਼ਰੂਰ ਚੱਲੀ ਗਈ।
ਦੱਸਣਯੋਗ ਹੈ ਕਿ ਦੇਸ਼ ਵਿਚ ਕੋਰੋਨਾ ਲਾਗ ਦੀ ਰਫ਼ਤਾਰ ਭਾਵੇਂ ਹੀ ਹੌਲੀ ਹੋਈ ਹੈ ਪਰ ਇਹ ਅਜੇ ਵੀ ਰੁਕਿਆ ਨਹੀਂ ਹੈ। ਦੇਸ਼ ਵਿਚ ਕੋਰੋਨਾ ਪੀੜਤਾਂ ਦੇ ਕੇਸ ਇਕ ਕਰੋੜ ਦੇ ਪਾਰ ਪਹੁੰਚ ਗਏ ਹਨ। ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ ਪਿਛਲੇ 24 ਘੰਟਿਆਂ ਵਿਚ 25,152 ਨਵੇਂ ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਮੁਤਾਬਕ ਦੇਸ਼ ਵਿਚ ਬੀਤੇ ਕੁਝ ਹਫ਼ਤਿਆਂ ਵਿਚ ਕੋਰੋਨਾ ਲਾਗ ਦੇ ਔਸਤ ਰੋਜ਼ਾਨਾ ਸਕਾਰਾਤਮਕ ਦਰ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਹਾਲਾਂਕਿ ਭਾਰਤ ’ਚ ਹੁਣ ਵੀ 3,08,751 ਸਰਗਰਮ ਕੇਸ ਹਨ। ਹੁਣ ਤੱਕ ਕੋਰੋਨਾ ਲਾਗ ਲਈ ਕੁੱਲ 16 ਕਰੋੜ ਤੋਂ ਵਧੇਰੇ ਜਾਂਚ ਨਮੂਨੇ ਟੈਸਟ ਕੀਤੇ ਜਾ ਚੁੱਕੇ ਹਨ।