'ਅਸੀਂ ਮੋਦੀ ਜੀ ਨੂੰ ਗੂੜ੍ਹੀ ਨੀਂਦ ਤੋਂ ਜਗਾਇਆ, ਉਹ ਅਜੇ ਵੀ ਝਪਕੀਆਂ ਲੈ ਰਹੇ ਨੇ'
Thursday, Dec 20, 2018 - 05:56 PM (IST)

ਨਵੀਂ ਦਿੱਲੀ— 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਿਆਸੀ ਜੰਗ ਤੇਜ਼ ਹੋ ਗਈ ਹੈ। ਕਾਂਗਰਸ ਇਕ ਤੋਂ ਬਾਅਦ ਇਕ ਭਾਜਪਾ 'ਤੇ ਤੰਜ਼ ਕੱਸ ਰਹੀ ਹੈ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਕਾਂਗਰਸ ਦੀ ਜਿੱਤ ਮਗਰੋਂ ਰਾਹੁਲ ਗਾਂਧੀ ਆਏ ਦਿਨ ਟਵੀਟ ਜ਼ਰੀਏ ਪੀ. ਐੱਮ. ਮੋਦੀ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ। ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਮੁੱਦੇ 'ਤੇ ਵੀਰਵਾਰ ਨੂੰ ਉਨ੍ਹਾਂ ਨੇ ਮੋਦੀ 'ਤੇ ਨਿਸ਼ਾਨਾ ਸਾਧਿਆ।
ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਆਖਰਕਾਰ ਉਨ੍ਹਾਂ ਦੀ ਪਾਰਟੀ ਨੇ 'ਗੱਬਰ ਸਿੰਘ ਟੈਕਸ' 'ਤੇ ਪ੍ਰਧਾਨ ਮੰਤਰੀ ਨੂੰ ਗੂੜ੍ਹੀ ਨੀਂਦ ਤੋਂ ਜਗਾ ਦਿੱਤਾ ਹੈ ਪਰ ਉਹ ਅਜੇ ਵੀ ਹਲਕੀ ਝਪਕੀ ਲੈ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਾਂਗਰਸ ਦੇ ਜਿਸ ਵਿਚਾਰ ਨੂੰ 'ਗਰੈਂਡ ਸਟੂਪਿਡ ਥਾਟ' (ਬੇਹੱਦ ਬਕਵਾਸ ਵਿਚਾਰ) ਕਿਹਾ ਸੀ, ਹੁਣ ਉਸੇ ਨੂੰ ਲਾਗੂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ''ਨਰਿੰਦਰ ਮੋਦੀ ਜੀ, ਦੇਰ ਆਏ ਦਰੁੱਸਤ ਆਏ।''
ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਵਿਚ 99 ਫੀਸਦੀ ਵਸਤੂਆਂ ਜੀ. ਐੱਸ. ਟੀ. 18 ਫੀਸਦੀ ਸਲੈਬ ਵਿਚ ਆ ਸਕਦੀਆਂ ਹਨ। ਮੋਦੀ ਨੇ ਇਕ ਨਿਜੀ ਚੈਨਲ ਦੇ ਪ੍ਰੋੋਗਰਾਮ ਵਿਚ ਕਿਹਾ ਕਿ ਕੇਂਦਰ ਸਰਕਾਰ 99 ਫੀਸਦੀ ਵਸਤੂਆਂ ਨੂੰ 18 ਫੀਸਦੀ ਦੇ ਸਲੈਬ ਵਿਚ ਲਿਆਉਣ 'ਤੇ ਕੰਮ ਕਰ ਰਹੀ ਹੈ।