ਮਣੀਪੁਰ ’ਚ ਰੋਕਿਆ ਰਾਹੁਲ ਗਾਂਧੀ ਦਾ ਕਾਫ਼ਲਾ, ਫਿਰ ਹੈਲੀਕਾਪਟਰ ਰਾਹੀਂ ਪਹੁੰਚਾਏ ਗਏ ਰਾਹਤ ਕੈਂਪ

Friday, Jun 30, 2023 - 10:49 AM (IST)

ਮਣੀਪੁਰ ’ਚ ਰੋਕਿਆ ਰਾਹੁਲ ਗਾਂਧੀ ਦਾ ਕਾਫ਼ਲਾ, ਫਿਰ ਹੈਲੀਕਾਪਟਰ ਰਾਹੀਂ ਪਹੁੰਚਾਏ ਗਏ ਰਾਹਤ ਕੈਂਪ

ਇੰਫਾਲ (ਭਾਸ਼ਾ)- ਹਿੰਸਾ ਪ੍ਰਭਾਵਿਤ ਮਣੀਪੁਰ ’ਚ ਰਾਹਤ ਕੈਂਪਾਂ ਦਾ ਦੌਰਾ ਕਰਨ ਲਈ ਚੁਰਾਚਾਂਦਪੁਰ ਜਾ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕਾਫ਼ਲਾ ਮਣੀਪੁਰ ਪੁਲਸ ਨੇ ਸੂਬੇ ਦੀ ਰਾਜਧਾਨੀ ਤੋਂ ਲਗਭਗ 20 ਕਿਲੋਮੀਟਰ ਦੂਰ ਬਿਸ਼ਣੂਪੁਰ ’ਚ ਰੋਕ ਦਿੱਤਾ। ਬਿਸ਼ਣੂਪੁਰ ’ਚ ਕਈ ਘੰਟੇ ਫਸੇ ਰਹਿਣ ਤੋਂ ਬਾਅਦ ਰਾਹੁਲ ਗਾਂਧੀ ਸੂਬਾ ਸਰਕਾਰ ਵਲੋਂ ਮੁਹੱਈਆ ਕਰਾਏ ਗਏ ਹੈਲੀਕਾਪਟਰ ਰਾਹੀਂ ਚੁਰਾਚਾਂਦਪੁਰ ਪੁੱਜੇ ਅਤੇ ਉੱਥੋਂ ਦੇ ਇਕ ਸਕੂਲ ਅਤੇ ਇਕ ਕਾਲਜ ’ਚ ਬਣਾਏ ਗਏ ਰਾਹਤ ਕੈਂਪਾਂ ’ਚ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਰਾਹਤ ਕੈਂਪਾਂ ’ਚ ਲਗਭਗ 200 ਲੋਕ ਰਹਿ ਰਹੇ ਹਨ। ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹਿੰਸਾ ਪ੍ਰਭਾਵਿਤ ਸੂਬੇ ’ਚ ਰਾਹੁਲ ਗਾਂਧੀ ਦੀ ਯਾਤਰਾ ਅਸਫਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਨੇ ਦਾਅਵਾ ਕੀਤਾ ਕਿ ਗਾਂਧੀ ਨੂੰ ਹੈਲੀਕਾਪਟਰ ਰਾਹੀਂ ਜਾਣ ਲਈ ਕਿਹਾ ਗਿਆ ਸੀ, ਕਿਉਂਕਿ ਉਨ੍ਹਾਂ ਦੀ ਯਾਤਰਾ ਦਾ ਵੱਖ-ਵੱਖ ਵਰਗਾਂ ਨੇ ਵਿਰੋਧ ਕੀਤਾ ਸੀ ਪਰ ਉਹ ਸੜਕ ਰਸਤੇ ਹੀ ਯਾਤਰਾ ਕਰਨ ’ਤੇ ਅੜੇ ਹੋਏ ਸਨ।

PunjabKesari

ਪੁਲਸ ਸੂਤਰਾਂ ਨੇ ਕਿਹਾ ਕਿ ਬਿਸ਼ਣੂਪੁਰ ਜ਼ਿਲੇ ਦੇ ਉਟਲੂ ਪਿੰਡ ਦੇ ਨੇੜੇ ਰਾਜ ਮਾਰਗ ’ਤੇ ਟਾਇਰ ਸਾੜੇ ਗਏ ਅਤੇ ਕਾਫ਼ਲੇ ’ਤੇ ਪੱਥਰ ਸੁੱਟੇ ਗਏ। ਇਕ ਪੁਲਸ ਅਧਿਕਾਰੀ ਨੇ ਕਿਹਾ, ‘‘ਸਾਨੂੰ ਅਜਿਹੀਆਂ ਘਟਨਾਵਾਂ ਦੇ ਦੁਬਾਰਾ ਹੋਣ ਦਾ ਖ਼ਦਸ਼ਾ ਹੈ ਅਤੇ ਇਸ ਲਈ ਸਾਵਧਾਨੀ ਵਜੋਂ ਕਾਫਲੇ ਨੂੰ ਬਿਸ਼ਣੂਪੁਰ ’ਚ ਰੁਕਣ ਦੀ ਅਪੀਲ ਕੀਤੀ।’’ ਰਾਹੁਲ ਗਾਂਧੀ ਦਾ ਕਾਫਲਾ ਰੋਕੇ ਜਾਣ ’ਤੇ ਕੁਝ ਲੋਕ ਸੜਕਾਂ ’ਤੇ ਉੱਤਰ ਆਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀ ਚਾਹੁੰਦੇ ਸਨ ਕਿ ਰਾਹੁਲ ਨੂੰ ਚੁਰਾਚਾਂਦਪੁਰ ਜਾਣ ਦਿੱਤਾ ਜਾਵੇ, ਜਦੋਂ ਕਿ ਹੋਰ ਲੋਕਾਂ ਨੇ ਉਨ੍ਹਾਂ ਦੀ ਯਾਤਰਾ ਦਾ ਵਿਰੋਧ ਕੀਤਾ। ਗਾਂਧੀ ਦੇ ਸਮਰਥਕ ਪ੍ਰਦਰਸ਼ਨਕਾਰੀਆਂ ’ਚ ਇਕ ਮਹਿਲਾ ਸਮਰਥਕ ਨੇ ਕਿਹਾ, ‘‘ਜੇਕਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੁਰਾਚਾਂਦਪੁਰ ਜਾ ਸਕਦੇ ਹਨ ਤਾਂ ਰਾਹੁਲ ਗਾਂਧੀ ਕਿਉਂ ਨਹੀਂ।’’ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹਟਾਉਣ ਲਈ ਉਨ੍ਹਾਂ ’ਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਟਵੀਟ ਕੀਤਾ, ‘‘ਡਬਲ ਇੰਜਨ ਵਾਲੀਆਂ ਵਿਨਾਸ਼ਕਾਰੀ ਸਰਕਾਰਾਂ ਰਾਹੁਲ ਗਾਂਧੀ ਦੀ ਲੋਕਾਂ ਤੱਕ ਪਹੁੰਚ ਨੂੰ ਰੋਕਣ ਲਈ ਤਾਨਾਸ਼ਾਹੀ ਤਰੀਕਿਆਂ ਦੀ ਵਰਤੋਂ ਕਰ ਰਹੀਆਂ ਹਨ। ਇਹ ਪੂਰੀ ਤਰ੍ਹਾਂ ਨਾ ਸਵੀਕਾਰਨਯੋਗ ਹੈ ਅਤੇ ਸਾਰੇ ਸੰਵਿਧਾਨਕ ਅਤੇ ਲੋਕਤੰਤਰਿਕ ਮਾਪਦੰਡਾਂ ਦੀ ਉਲੰਘਣਾ ਹੈ।’’ ਕਾਂਗਰਸ ਦੇ ਸੂਬਾ ਪ੍ਰਧਾਨ ਕੀਸ਼ਮ ਮੇਘਚੰਦਰ ਨੇ ਦੋਸ਼ ਲਾਇਆ ਕਿ ਗਾਂਧੀ ਦੇ ਕਾਫਲੇ ਨੂੰ ਰੋਕਣ ਦਾ ਹੁਕਮ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਵੱਲੋਂ ਆਇਆ ਸੀ, ਕਿਉਂਕਿ ਹਰ ਕੋਈ ਉਨ੍ਹਾਂ ਦਾ ਸਵਾਗਤ ਕਰ ਰਿਹਾ ਸੀ।

PunjabKesari

ਸ਼ਾਂਤੀ ਸਾਡੀ ਇਕੋ-ਇਕ ਤਰਜੀਹ ਹੋਣੀ ਚਾਹੀਦੀ ਹੈ : ਰਾਹੁਲ

ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਮੈਂ ਮਣੀਪੁਰ ਦੇ ਆਪਣੇ ਸਾਰੇ ਭਰਾਵਾਂ-ਭੈਣਾਂ ਨੂੰ ਸੁਣਨ ਆਇਆ ਹਾਂ। ਸਾਰੇ ਭਾਈਚਾਰਿਆਂ ਦੇ ਲੋਕ ਬਹੁਤ ਸਵਾਗਤ ਅਤੇ ਪਿਆਰ ਦੇ ਰਹੇ ਹਨ। ਇਹ ਬਹੁਤ ਮੰਦਭਾਗਾ ਹੈ ਕਿ ਸਰਕਾਰ ਮੈਨੂੰ ਰੋਕ ਰਹੀ ਹੈ। ਮਣੀਪੁਰ ਨੂੰ ਮਲ੍ਹਮ ਦੀ ਜ਼ਰੂਰਤ ਹੈ। ਸ਼ਾਂਤੀ ਸਾਡੀ ਇਕੋ-ਇਕ ਤਰਜੀਹ ਹੋਣੀ ਚਾਹੀਦੀ ਹੈ।’’

ਦੰਗਾਕਾਰੀਆਂ ਦੀ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ

ਮਣੀਪੁਰ ’ਚ ਕੰਗਪੋਕਪੀ ਜ਼ਿਲੇ ਦੇ ਹਰਓਠੇਲ ਪਿੰਡ ’ਚ ਵੀਰਵਾਰ ਸਵੇਰੇ ਅਣਪਛਾਤੇ ਦੰਗਾਕਾਰੀਆਂ ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕੀਤੀ, ਜਿਸ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਕਾਰਨ ਖੇਤਰ ’ਚ ਤਣਾਅ ਬਣਿਆ ਹੋਇਆ ਹੈ।


author

DIsha

Content Editor

Related News