ਜੋਸ਼ੀਮਠ ਦੀ ਘਟਨਾ ''ਤੇ ਰਾਹੁਲ ਨੇ ਜਤਾਈ ਚਿੰਤਾ, ਕਿਹਾ- ਹਾਲਾਤ ਬੇਹੱਦ ਚਿੰਤਾਜਨਕ
Saturday, Jan 07, 2023 - 04:03 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰਾਖੰਡ ਦੇ ਜੋਸ਼ੀਮਠ 'ਚ ਜ਼ਮੀਨ ਧਸਣ ਦੀਆਂ ਘਟਨਾਵਾਂ 'ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਉੱਥੇ ਦੀਆਂ ਤਸਵੀਰਾਂ ਵਿਚਲਿਤ ਕਰਦੀਆਂ ਹਨ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਤੁਰੰਤ ਸਖ਼ਤ ਕਦਮ ਉਠਾਉਣ ਦੀ ਜ਼ਰੂਰਤ ਹੈ। ਰਾਹੁਲ ਨੇ ਫੇਸਬੁੱਕ ਸੰਦੇਸ਼ 'ਚ ਕਿਹਾ,''ਉੱਤਰਾਖੰਡ ਦੇ ਜੋਸ਼ੀਮਠ ਤੋਂ ਆ ਰਹੀਆਂ ਤਸਵੀਰਾਂ ਬੇਹੱਦ ਭਿਆਨਕ ਹਨ, ਜਿਨ੍ਹਾਂ ਦੇਖ ਕੇ ਕਾਫ਼ੀ ਵਿਚਲਿਤ ਹਾਂ। ਘਰਾਂ 'ਚ ਚੌੜੀਆਂ ਤਰੇੜਾਂ, ਪਾਣੀ ਦੀ ਰਿਸਾਅ, ਜ਼ਮੀਨ ਫਟਣਾ ਅਤੇ ਸੜਕਾਂ ਦਾ ਧਸਣਾ ਬੇਹੱਦ ਚਿੰਤਾਜਨਕ ਹੈ। ਇਕ ਹਾਦਸੇ 'ਚ ਜ਼ਮੀਨ ਖਿਸਕਣ ਨਾਲ ਭਗਵਤੀ ਮੰਦਰ ਤੱਕ ਢਹਿ ਗਿਆ।''
ਉਨ੍ਹਾਂ ਕਿਹਾ,''ਕੁਦਰਤ ਵਿਰੁੱਧ ਜਾ ਕੇ, ਪਹਾੜਾਂ 'ਤੇ ਲਗਾਤਾਰ ਖੋਦਾਈ ਅਤੇ ਗੈਰ-ਯੋਜਨਾਬੱਧ ਨਿਰਮਾਣ ਨਾਲ ਅੱਜ ਜੋਸ਼ੀਮਠ ਦੇ ਲੋਕਾਂ 'ਤੇ ਭਿਆਨਕ ਸੰਕਟ ਆ ਗਿਆ ਹੈ। ਇਸ ਭਿਆਨਕ ਠੰਡ 'ਚ, ਇਸ ਆਫ਼ਤ ਨੇ ਲੋਕਾਂ ਨੂੰ ਉਨ੍ਹਾਂ ਦੇ ਆਸ਼ਿਆਨੇ ਖੋਹ ਲਏ ਹਨ।'' ਰਾਹੁਲ ਨੇ ਉੱਥੇ ਦੇ ਸਾਰੇ ਵਰਕਰਾਂ ਨੂੰ ਜਲਦ ਤੋਂ ਜਲਦ ਲੋਕਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਉਤਰਾਖੰਡ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਕਠੋਰ ਮੌਸਮ 'ਚ ਲੋਕਾਂ ਦਾ ਨੋਟਿਸ ਲੈ ਕੇ ਉਨ੍ਹਾਂ ਦੇ ਤੁਰੰਤ ਮੁੜ ਵਸੇਬੇ ਦਾ ਪ੍ਰਬੰਧ ਕਰਨ ਅਤੇ ਮੰਦਰ ਦੀ ਸੁਰੱਖਿਆ ਯਕੀਨੀ ਕਰੇ।