ਰਾਹੁਲ ''ਦੂਰ-ਦੂਰ'' ਤੱਕ ਵੀ ਕਦੇ ਸਾਵਰਕਰ ਨਹੀਂ ਬਣ ਸਕਦੇ : ਅਨੁਰਾਗ ਠਾਕੁਰ

Monday, Mar 27, 2023 - 10:26 AM (IST)

ਰਾਹੁਲ ''ਦੂਰ-ਦੂਰ'' ਤੱਕ ਵੀ ਕਦੇ ਸਾਵਰਕਰ ਨਹੀਂ ਬਣ ਸਕਦੇ : ਅਨੁਰਾਗ ਠਾਕੁਰ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ 'ਦੂਰ-ਦੂਰ' ਤੱਕ ਵੀ ਕਦੇ ਵੀਰ ਸਾਵਰਕਰ ਨਹੀਂ ਬਣ ਸਕਦੇ, ਇਸ ਲਈ ਦ੍ਰਿੜ ਸੰਕਲਪ ਅਤੇ ਦੇਸ਼ ਦੇ ਪ੍ਰਤੀ ਪਿਆਰ ਹੋਣਾ ਚਾਹੀਦਾ। ਰਾਹੁਲ ਨੇ ਹਾਲ ਹੀ 'ਚ ਦਾਅਵਾ ਕੀਤਾ ਸੀ ਕਿ ਸਾਵਰਕਰ ਬ੍ਰਿਟਿਸ਼ ਉਪਨਿਵੇਸ਼ਵਾਦੀਆਂ ਦੇ ਸਮਰਥਕ ਸਨ ਅਤੇ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕਰਨ ਲਈ ਕਦੇ ਵੀ ਪਛਤਾਵਾ ਜ਼ਾਹਰ ਨਹੀਂ ਕਰਨਗੇ। ਠਾਕੁਰ ਨੇ ਇਨ੍ਹਾਂ ਦਾਅਵਿਆਂ ਦੇ ਸੰਦਰਭ 'ਚ ਐਤਵਾਰ ਨੂੰ ਟਵੀਟ ਕੀਤਾ,''ਪ੍ਰਿਯ ਸ਼੍ਰੀ ਗਾਂਧੀ, ਤੁਸੀਂ ਸੁਫ਼ਨੇ 'ਚ ਵੀ ਕਦੇ ਸਾਵਰਕਰ ਨਹੀਂ ਹੋ ਸਕਦੇ, ਕਿਉਂਕਿ ਸਾਵਰਕਰ ਹੋਣ ਲਈ ਦ੍ਰਿੜ ਸੰਕਲਪ, ਭਾਰਤ ਲਈ ਪਿਆਰ, ਵਚਨਬੱਧਤਾ ਦੀ ਲੋੜ ਹੁੰਦੀ ਹੈ।'' ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਦੂਰ-ਦੂਰ ਤੱਕ ਕਦੇ ਸਾਵਰਕਰ ਨਹੀਂ ਹੋ ਸਕਦੇ, ਕਿਉਂਕਿ ਆਜ਼ਾਦੀ ਸੈਨਾਨੀ ਨੇ ਨਾ ਤਾਂ ਸਾਲ 'ਚ 6 ਮਹੀਨੇ ਵਿਦੇਸ਼ ਯਾਤਰਾ ਕੀਤੀ ਅਤੇ ਨਾ ਹੀ ਆਪਣੇ ਦੇਸ਼ ਖ਼ਿਲਾਫ਼ ਵਿਦੇਸ਼ੀਆਂ ਤੋਂ ਮਦਦ ਮੰਗੀ। ਸੂਚਨਾ ਅਤੇ ਪ੍ਰਸਾਰਨ ਮੰਤਰੀ ਨੇ ਕਿਹਾ,''ਉਹ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਨ ਲਈ ਇਕ ਅੰਦੋਲਨ ਸ਼ੁਰੂ ਕਰਨ ਲਈ ਬ੍ਰਿਟੇਨ ਗਏ ਸਨ।''

ਉਨ੍ਹਾਂ ਕਿਹਾ,''ਵੀਰ ਸਾਵਰਕਰ ਜੀ ਖ਼ਿਲਾਫ਼ ਲਗਾਤਾਰ ਗਲਤ ਬਿਾਨ ਦੇਣ ਵਾਲੇ ਝੂਠ ਦੇ ਮਾਸਟਰ ਰਾਹੁਲ ਨੂੰ ਬੇਨਕਾਬ ਕਰਨ ਦਾ ਸਮਾਂ ਆ ਗਿਆ ਹੈ।'' ਠਾਕੁਰ ਨੇ ਸਾਵਰਕਰ ਦੀ ਜਨਮ ਸ਼ਤਾਬਦੀ ਮੌਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਲਿਖਿਆ ਗਿਆ ਇਕ ਪੱਤਰ ਵੀ ਟਵਿੱਟਰ 'ਤੇ ਸਾਂਝਾ ਕੀਤਾ। ਇੰਦਰਾ ਗਾਂਧੀ ਨੇ 20 ਮਈ 1980 ਨੂੰ ਲਿਖਏ ਇਸ ਪੱਤਰ 'ਚ ਕਿਹਾ ਸੀ,''ਬ੍ਰਿਟਿਸ਼ ਸਰਕਾਰ ਖ਼ਿਲਾਫ਼ ਸਾਹਸ ਦਿਖਾਉਣ ਵਾਲੇ ਵੀਰ ਸਾਵਰਕਰ ਦਾ ਸਾਡੇ ਆਜ਼ਾਦੀ ਅੰਦੋਲਨ ਦੇ ਇਤਿਹਾਸ 'ਚ ਆਪਣਾ ਮਹੱਤਵਪੂਰਨ ਸਥਾਨ ਹੈ। ਮੈਂ ਭਾਰਤ ਦੇ ਇਸ ਮਹਾਨ ਪੁੱਤ ਦੀ ਜਨਮ ਸ਼ਤਾਬਦੀ ਮਨਾਉਣ ਦੀ ਯੋਜਨਾ 'ਚ ਸਫ਼ਲ ਹੋਣ ਦੀ ਕਾਮਨਾ ਕਰਦੀ ਹਾਂ।'' ਠਾਕੁਰ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਆਜ਼ਾਦੀ ਅੰਦੋਲਨ 'ਚ ਸਾਵਰਕਰ ਦੇ ਯੋਗਦਾਨ ਨੂੰ ਸਵੀਕਾਰ ਕਰਨ ਲਈ ਇਕ ਡਾਕ ਟਿਕਟ ਵੀ ਜਾਰੀ ਕੀਤਾ ਸੀ। ਠਾਕੁਰ ਨੇ ਕਿਹਾ,''ਥੋੜ੍ਹਾ ਸੋਚੋ, ਇਕ ਅਜਿਹਾ ਵਿਅਕਤੀ ਜਿਸ ਦੀ ਦਾਦੀ ਨੇ ਮਹਾਨ ਵਿਅਕਤੀਤੱਵ ਵੀਰ ਸਾਵਰਕਰ ਦਾ ਸਨਮਾਨ ਕੀਤਾ ਅਤੇ ਉਸ ਯੁੱਗ ਦੇ ਕਿਸੇ ਵੀ ਮਹਾਪੁਰਸ਼ ਨੇ ਉਨ੍ਹਾਂ ਬਾਰੇ ਕਦੇ ਬੁਰਾ ਨਹੀਂ ਕਿਹਾ। ਇਹ ਸਭ ਗੱਲਾਂ ਕਹਿ ਕੇ ਰਾਹੁਲ ਗਾਂਧੀ ਸਿਰਫ਼ ਸਾਵਰਕਰ ਦਾ ਨਹੀਂ ਸਗੋਂ ਆਪਣੀ ਦਾਦੀ, ਨੇਤਾ ਜੀ ਬੋਸ, ਭਗਤ ਸਿੰਘ ਅਤੇ ਇੱਥੇ ਤੱਕ ਕਿ (ਮਹਾਤਮਾ) ਗਾਂਧੀ ਜੀ ਦਾ ਵੀ ਅਪਮਾਨ ਕਰ ਰਹੇ ਹਨ।''


author

DIsha

Content Editor

Related News