ਨਰਸਿੰਗ ਕਾਲਜ ’ਚ ਰੈਗਿੰਗ ਦਾ ਮਾਮਲਾ : 5 ਵਿਦਿਆਰਥੀਆਂ ਨੂੰ ਕੀਤਾ ਜਾਏਗਾ ਬਰਖਾਸਤ : ਸਿਹਤ ਮੰਤਰੀ
Monday, Mar 03, 2025 - 08:55 PM (IST)

ਤਿਰੂਵਨੰਤਪੁਰਮ, (ਭਾਸ਼ਾ)- ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸੋਮਵਾਰ ਨੂੰ ਦੱਸਿਆ ਕਿ ਕੋਟਾਯਮ ਦੇ ਸਰਕਾਰੀ ਨਰਸਿੰਗ ਕਾਲਜ ਵਿਚ ਰੈਗਿੰਗ ਦੀ ਬੇਰਹਿਮ ਘਟਨਾ ’ਚ ਸ਼ਾਮਲ 5 ਵਿਦਿਆਰਥੀਆਂ ਨੂੰ ਸੰਸਥਾ ਤੋਂ ਬਰਖਾਸਤ ਕੀਤਾ ਜਾਵੇਗਾ। ਵਿਧਾਨ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਜਾਰਜ ਨੇ ਇਸ ਘਟਨਾ ਨੂੰ ਕੇਰਲ ਸਮਾਜ ਦੇ ਜ਼ਮੀਰ ਨੂੰ ਹਿਲਾ ਦੇਣ ਵਾਲੀ ਘਟਨਾ ਦੱਸਿਆ।
ਉਨ੍ਹਾਂ ਕਿਹਾ ਕਿ ਪੰਜੇ ਮੁਲਜ਼ਮ ਵਿਦਿਆਰਥੀ ਪਹਿਲਾਂ ਹੀ ਮੁਅੱਤਲ ਹਨ ਅਤੇ ਉਨ੍ਹਾਂ ਨੂੰ ਕਾਲਜ ਤੋਂ ਬਰਖਾਸਤ ਕਰਨ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਬੰਧ ’ਚ ਜਲਦੀ ਹੀ ਇਕ ਅਧਿਕਾਰਤ ਹੁਕਮ ਜਾਰੀ ਕੀਤਾ ਜਾਵੇਗਾ। ਵਿਧਾਨ ਸਭਾ ਵਿਚ ਇਹ ਮੁੱਦਾ ਉਠਾਉਂਦੇ ਹੋਏ ਕਾਂਗਰਸ ਵਿਧਾਇਕ ਸਜੀਵ ਜੋਸਫ ਨੇ ਇਸ ਮਾਮਲੇ ਵਿਚ ਕੀਤੀ ਗਈ ਕਾਰਵਾਈ ਦਾ ਵੇਰਵਾ ਮੰਗਿਆ ਅਤੇ ਪੁੱਛਿਆ ਕਿ ਕੀ ਮੁਲਜ਼ਮਾਂ ਦਾ ਰੈਗਿੰਗ ਦੇ ਮਾਮਲਿਆਂ ਵਿਚ ਸ਼ਾਮਲ ਹੋਣ ਦਾ ਕੋਈ ਇਤਿਹਾਸ ਹੈ।
ਇਸ ’ਤੇ ਜਾਰਜ ਨੇ ਜਵਾਬ ਦਿੱਤਾ ਕਿ ਉਹ ਪਹਿਲਾਂ ਰੈਗਿੰਗ ਦੀ ਕਿਸੇ ਘਟਨਾ ’ਚ ਸ਼ਾਮਲ ਨਹੀਂ ਸੀ ਅਤੇ ਉਨ੍ਹਾਂ ਖਿਲਾਫ ਅਜਿਹੀ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਸੀ। ਮੰਤਰੀ ਨੇ ਕਾਲਜ ਪ੍ਰਸ਼ਾਸਨ ਵੱਲੋਂ ਗੰਭੀਰ ਗਲਤੀ ਦੀ ਗੱਲ ਵੀ ਸਵੀਕਾਰ ਕੀਤੀ।