ਰਾਫੇਲ ਸੌਦੇ ਦੇ ਮਾਮਲੇ ’ਚ ਫਰਾਂਸ ਨੇ ਅਦਾਲਤੀ ਜਾਂਚ ਸ਼ੁਰੂ ਕੀਤੀ
Sunday, Jul 04, 2021 - 10:36 AM (IST)
![ਰਾਫੇਲ ਸੌਦੇ ਦੇ ਮਾਮਲੇ ’ਚ ਫਰਾਂਸ ਨੇ ਅਦਾਲਤੀ ਜਾਂਚ ਸ਼ੁਰੂ ਕੀਤੀ](https://static.jagbani.com/multimedia/2021_7image_10_36_398078507rafeal.jpg)
ਨਵੀਂ ਦਿੱਲੀ (ਭਾਸ਼ਾ)- ਭਾਰਤ ਨਾਲ 5900 ਕਰੋੜ ਰੁਪਏ ਦੇ ਰਾਫੇਲ ਸੌਦੇ ’ਚ ਕਥਿਤ ਭ੍ਰਿਸ਼ਟਾਚਾਰ ਅਤੇ ਲਾਭ ਪਹੁੰਚਾਉਣ ਦੇ ਮਾਮਲੇ ’ਚ ਫਰਾਂਸ ਦੇ ਇਕ ਜੱਜ ਨੂੰ ਬਹੁਤ ਨਾਜ਼ੁਕ ਅਦਾਲਤੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਫਰਾਂਸ ਦੀ ਇਕ ਨਿਊਜ਼ ਵੈੱਬਸਾਈਟ ‘ਮੀਡੀਆ ਪਾਰਟ’ ਨੇ ਆਪਣੀ ਰਿਪੋਰਟ ’ਚ ਇਸ ਸੰਬਧੀ ਦਾਅਵਾ ਕੀਤਾ ਹੈ।
ਕੀ ਕਿਹਾ ਹੈ ‘ਮੀਡੀਆ ਪਾਰਟ’ ਨੇ
‘ਮੀਡੀਆ ਪਾਰਟ’ ਮੁਤਾਬਕ ਦੋ ਸਰਕਾਰਾਂ ਦਰਮਿਆਨ ਹੋਏ ਇਸ ਸੌਦੇ ਨੂੰ ਲੈ ਕੇ ਜਾਂਚ ਇਸ ਸਾਲ 14 ਜੂਨ ਨੂੰ ਰਸਮੀ ਤੌਰ ’ਤੇ ਸ਼ੁਰੂ ਹੋਈ ਸੀ। ਇਸ ਸੌਦੇ ’ਤੇ ਫਰਾਂਸ ਅਤੇ ਭਾਰਤ ਦਰਮਿਆਨ 2016 ’ਚ ਹਸਤਾਖਰ ਹੋਏ ਸਨ। ਭਾਰਤ ਨੂੰ 36 ਰਾਫੇਲ ਹਵਾਈ ਜਹਾਜ਼ ਵੇਚਣ ਲਈ 2016 ’ਚ ਹੋਏ 7.8 ਅਰਬ ਯੂਰੋ ਦੇ ਸੌਦੇ ਨੂੰ ਲੈ ਕੇ ਫਰਾਂਸ ਵਿਚ ਸ਼ੱਕੀ ਭ੍ਰਿਸ਼ਟਾਚਾਰ ਦੀ ਅਦਾਲਤੀ ਜਾਂਚ ਸ਼ੁਰੂ ਹੋਈ ਹੈ।
ਜਾਂਚ ਜੇ. ਪੀ. ਸੀ. ਤੋਂ ਕਰਵਾਈ ਜਾਏ : ਸੂਰਜੇਵਾਲਾ
ਇਸ ਰਿਪੋਰਟ ਨੂੰ ਲੈ ਕੇ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਹਮਣੇ ਆਉਣ ਅਤੇ ਰਾਫੇਲ ਘਪਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ (ਜੇ. ਪੀ. ਸੀ.) ਤੋਂ ਕਰਵਾਉਣ ਦਾ ਹੁਕਮ ਦੇਣ। ਸ਼ੁੱਕਰਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਰਜੇਵਾਲਾ ਨੇ ਕਿਹਾ ਕਿ ਫਰਾਂਸ ਵਿਚ ਜਿਹੜੇ ਤਾਜ਼ਾ ਖੁਲਾਸੇ ਹੋਣ ਹਨ, ਉਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਰਾਫੇਲ ਸੌਦੇ ’ਚ ਭ੍ਰਿਸਟਾਚਾਰ ਹੋਇਆ। ਕਾਂਗਰਸ ਅਤੇ ਰਾਹੁਲ ਗਾਂਧੀ ਦੀ ਗੱਲ ਸਹੀ ਸਾਬਤ ਹੋਈ। ਹੁਣ ਇਹ ਘਪਲਾ ਸਭ ਦੇ ਸਾਹਮਣੇ ਆ ਚੁੱਕਾ ਹੈ।