ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਦੇ 27 ਜੁਲਾਈ ਤੱਕ ਭਾਰਤ ਪਹੁੰਚਣ ਦੀ ਉਮੀਦ, ਅੰਬਾਲਾ ''ਚ ਹੋਵੇਗੀ ਤਾਇਨਾਤੀ
Monday, Jun 29, 2020 - 05:51 PM (IST)

ਨਵੀਂ ਦਿੱਲੀ/ਹਰਿਆਣਾ- ਭਾਰਤ ਨੂੰ 6 ਰਾਫੇਲ ਜੰਗੀ ਜਹਾਜ਼ਾਂ ਦੀ ਪਹਿਲੀ ਖੇਪ 27 ਜੁਲਾਈ ਤੱਕ ਮਿਲਣ ਦੀ ਸੰਭਾਵਨਾ ਹੈ। ਇਨ੍ਹਾਂ ਜਹਾਜ਼ਾਂ ਨਾਲ ਭਾਰਤੀ ਹਵਾਈ ਫੌਜ ਦੀ ਲੜਾਕੂ ਸਮਰੱਥਾ 'ਚ ਜ਼ਿਕਰਯੋਗ ਵਾਧਾ ਹੋਵੇਗਾ। ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਚੀਨ ਨਾਲ ਫੌਜ ਝੜਪਾਂ ਤੋਂ ਬਾਅਦ ਪਿਛਲੇ 2 ਹਫ਼ਤਿਆਂ ਤੋਂ ਹਵਾਈ ਫੌਜ ਅਲਰਟ 'ਤੇ ਹੈ। ਉਸ ਝੜਪ 'ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਦੋਹਾਂ ਫੌਜਾਂ 7 ਹਫ਼ਤਿਆਂ ਤੋਂ ਉਸ ਖੇਤਰ 'ਚ ਆਹਮਣੇ-ਸਾਹਮਣੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 2 ਜੂਨ ਨੂੰ ਫਰਾਂਸੀਸੀ ਹਮਅਹੁਦੇਦਾਰ ਫਲੋਰੇਂਸ ਪਰਲੀ ਨਾਲ ਗੱਲਬਾਤ ਕੀਤੀ ਸੀ। ਗੱਲਬਾਤ 'ਚ ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਭਾਰਤ ਨੂੰ ਰਾਫੇਲ ਜੈੱਟ ਜਹਾਜ਼ਾਂ ਦੀ ਸਪਲਾਈ ਤੈਅ ਸਮੇਂ 'ਤੇ ਕੀਤੀ ਜਾਵੇਗੀ।
58000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਲੜਾਕੂ ਜਹਾਜ਼
ਫੌਜ ਅਧਿਕਾਰੀਆਂ ਨੇ ਕਿਹਾ ਕਿ ਰਾਫੇਲ ਜਹਾਜ਼ਾਂ ਦੇ ਆਉਣ ਨਾਲ ਭਾਰਤੀ ਹਵਾਈ ਫੌਜ ਦੀ ਲੜਾਕੂ ਸਮਰੱਥਾ 'ਚ ਕਾਫੀ ਵਾਧਾ ਹੋਵੇਗਾ ਅਤੇ ਭਾਰਤ ਦੇ ਵਿਰੋਧੀਆਂ ਲਈ ਇਕ ਸਪੱਸ਼ਟ ਸੰਦੇਸ਼ ਹੋਵੇਗਾ। ਜਹਾਜ਼ਾਂ ਦਾ ਪਹਿਲਾ ਸਕੁਐਰਡਨ ਹਵਾਈ ਫੌਜ ਦੇ ਅੰਬਾਲਾ ਸਟੇਸ਼ਨ 'ਤੇ ਤਾਇਨਾਤ ਕੀਤਾ ਜਾਵੇਗਾ, ਜਿਸ ਨੂੰ ਭਾਰਤੀ ਹਵਾਈ ਫੌਜ ਲਈ ਸਾਮਰਿਕ ਰੂਪ ਨਾਲ ਮਹੱਤਵਪੂਰਨ ਟਿਕਾਣਿਆਂ 'ਚੋਂ ਇਕ ਮੰਨਿਆ ਜਾਂਦਾ ਹੈ। ਭਾਰਤ ਨੇ ਸਤੰਬਰ 2016 'ਚ ਫਰਾਂਸ ਨਾਲ ਲਗਭਗ 58,000 ਕਰੋੜ ਰੁਪਏ ਦੀ ਲਾਗਤ ਨਾਲ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਅੰਤਰ-ਸਰਕਾਰੀ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ। ਇਹ ਜਹਾਜ਼ ਕਈ ਸ਼ਕਤੀਸ਼ਾਲੀ ਹਥਿਆਰਾਂ ਨੂੰ ਲਿਜਾਉਣ 'ਚ ਸਮਰੱਥ ਹਨ। ਇਸ 'ਚ ਯੂਰਪੀ ਮਿਜ਼ਾਈਲ ਨਿਰਮਾਤਾ ਐੱਮ.ਬੀ.ਡੀ.ਏ. ਦਾ ਮੇਟਾਰ ਮਿਜ਼ਾਈਲ ਸ਼ਾਮਲ ਹੈ।
ਰਾਫੇਲ ਜਹਾਜ਼ਾਂ ਦਾ ਦੂਜਾ ਸਕੁਐਰਡਨ ਹਾਸਿਮਾਰਾ ਬੇਸ 'ਤੇ ਤਾਇਨਾਤ ਕੀਤਾ ਜਾਵੇਗਾ
ਰਾਫੇਲ ਜਹਾਜ਼ਾਂ ਦਾ ਦੂਜਾ ਸਕੁਐਰਡਨ ਪੱਛਮੀ ਬੰਗਾਲ 'ਚ ਹਾਸਿਮਾਰਾ ਬੇਸ 'ਤੇ ਤਾਇਨਾਤ ਕੀਤਾ ਜਾਵੇਗਾ। ਹਵਾਈ ਫੌਜ ਨੇ ਇਸ ਸੰਬੰਧ 'ਚ ਦੋਹਾਂ ਅੱਡਿਆਂ 'ਤੇ ਬੁਨਿਆਦੀ ਢਾਂਚਿਆਂ ਦੇ ਵਿਕਾਸ ਲਈ ਲਗਭਗ 400 ਕਰੋੜ ਰੁਪਏ ਖਰਚ ਕੀਤੇ ਹਨ। ਇਨ੍ਹਾਂ 36 ਰਾਫੇਲ ਜਹਾਜ਼ਾਂ 'ਚੋਂ 30 ਜੰਗੀ ਜਹਾਜ਼ ਹੋਣਗੇ, ਜਦੋਂ ਕਿ 6 ਸਿਖਲਾਈ ਜਹਾਜ਼ ਹੋਣਗੇ। ਦੱਸਣਯੋਗ ਹੈ ਕਿ ਜਹਾਜ਼ਾਂ ਦੀ ਕੀਮਤ ਅਤੇ ਭ੍ਰਿਸ਼ਟਾਚਾਰ ਆਦਿ ਨੂੰ ਲੈ ਕੇ ਕਾਂਗਰਸ ਨੇ ਇਸ ਸਮਝੌਤੇ 'ਤੇ ਸਵਾਲ ਚੁੱਕੇ ਸਨ ਪਰ ਸਰਕਾਰ ਨੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ।