ਰੇਸ ਲਾਉਂਦੇ ''ਨਵਾਬਜ਼ਾਦਿਆਂ'' ਨੇ ਢਾਹਿਆ ਕਹਿਰ ! ਲਗਜ਼ਰੀ ਕਾਰਾਂ ਨਾਲ ਬਾਈਕ ਸਵਾਰਾਂ ਨੂੰ ਮਾਰੀ ਟੱਕਰ
Wednesday, Apr 22, 2026 - 05:16 PM (IST)
ਨੈਸ਼ਨਲ ਡੈਸਕ- ਦਿੱਲੀ-ਆਗਰਾ ਨੈਸ਼ਨਲ ਹਾਈਵੇ 'ਤੇ ਮੰਗਲਵਾਰ ਦੇਰ ਰਾਤ ਦੋ ਲਗਜ਼ਰੀ ਕਾਰਾਂ ਦੀ ਆਪਸੀ ਟੱਕਰ ਅਤੇ ਲਾਪਰਵਾਹੀ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਮਰਸਡੀਜ਼ ਕਾਰ ਨੇ ਪਹਿਲਾਂ ਬੀ.ਐੱਮ.ਡਬਲਿਊ ਨਾਲ ਟੱਕਰ ਮਾਰੀ ਅਤੇ ਫਿਰ ਇੱਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਚਸ਼ਮਦੀਦਾਂ ਅਨੁਸਾਰ, ਐਸਕੌਰਟਸ ਮੁਜੇਸਰ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਚਿੱਟੇ ਰੰਗ ਦੀ ਬੀ.ਐਮ.ਡਬਲਿਊ ਅਤੇ ਕਾਲੇ ਰੰਗ ਦੀ ਮਰਸਡੀਜ਼ ਬੇਹੱਦ ਤੇਜ਼ ਰਫ਼ਤਾਰ ਨਾਲ ਰੇਸ ਲਗਾ ਰਹੀਆਂ ਸਨ। ਇਸੇ ਦੌਰਾਨ ਮਰਸਡੀਜ਼ ਨੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸੜਕ ਤੋਂ ਕਈ ਫੁੱਟ ਦੂਰ ਜਾ ਡਿੱਗਿਆ।
ਮੋਟਰਸਾਈਕਲ ਸਵਾਰ ਰਾਕੇਸ਼ ਅਤੇ ਉਸ ਦਾ ਸਾਥੀ ਆਪਣੇ ਘਰ ਜਾ ਰਹੇ ਸਨ। ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਤੁਰੰਤ ਬਾਅਦ ਦੋਵਾਂ ਲਗਜ਼ਰੀ ਕਾਰਾਂ ਦੇ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਜਾਪ ਰਹੇ ਸਨ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕ੍ਰੇਨ ਦੀ ਮਦਦ ਨਾਲ ਨੁਕਸਾਨੇ ਗਏ ਵਾਹਨਾਂ ਨੂੰ ਹਾਈਵੇਅ ਤੋਂ ਹਟਾਇਆ ਅਤੇ ਆਵਾਜਾਈ ਬਹਾਲ ਕੀਤੀ। ਪੁਲਸ ਨੇ ਦੋਵਾਂ ਕਾਰਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਮਾਲਕਾਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
