ਰਾਜੀਵ ਕੋਚਰ ਤੋਂ ਤੀਜੇ ਦਿਨ ਵੀ ਪੁੱਛਗਿੱਛ

Sunday, Apr 08, 2018 - 09:06 AM (IST)

ਰਾਜੀਵ ਕੋਚਰ ਤੋਂ ਤੀਜੇ ਦਿਨ ਵੀ ਪੁੱਛਗਿੱਛ

ਨਵੀਂ ਦਿੱਲੀ — ਸਾਲ 2012 ਵਿਚ ਆਈ. ਸੀ. ਆਈ. ਸੀ. ਆਈ. ਬੈਂਕ ਵਲੋਂ ਵੀਡੀਓਕਾਨ ਗਰੁੱਪ ਨੂੰ 3250 ਕਰੋੜ ਰੁਪਏ ਦਾ ਲੋਨ ਦੇਣ ਦੇ ਮਾਮਲੇ ਵਿਚ ਬੈਂਕ ਦੀ ਐੱਮ. ਡੀ. ਅਤੇ ਸੀ. ਈ. ਓ. ਚੰਦਾ ਕੋਚਰ ਦੇ ਦਿਓਰ ਰਾਜੀਵ ਕੋਚਰ ਤੋਂ ਸੀ. ਬੀ. ਆਈ. ਨੇ ਅੱਜ ਲਗਾਤਾਰ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਕੋਚਰ ਸਿੰਗਾਪੁਰ ਸਥਿਤ ਐਡਵਾਈਜ਼ਰੀ ਦੇ ਸੰਸਥਾਪਕ ਹਨ। ਉਹ ਅੱਜ ਸਵੇਰੇ ਮੁੰਬਈ ਵਿਚ ਬਾਂਦ੍ਰਾ ਕੁਰਲਾ ਕੰਪਲੈਕਸ ਵਿਚ ਜਾਂਚ ਏਜੰਸੀ ਦੇ ਦਫਤਰ ਵਿਚ ਪੇਸ਼ ਹੋਏ, ਜਿਥੇ ਉਨ੍ਹਾਂ ਤੋਂ ਕਰਜ਼ ਦੇ ਪੁਨਰਗਠਨ ਮਾਮਲੇ ਵਿਚ ਉਨ੍ਹਾਂ ਦੀ ਕੰਪਨੀ ਦੀ ਭੂਮਿਕਾ ਨੂੰ ਲੈ ਕੇ ਪੁੱਛਗਿੱਛ ਹੋਈ। ਪੁੱਛਗਿੱਛ ਦੌਰਾਨ ਰਾਜੀਵ ਕੋਚਰ ਤੋਂ ਇਹ ਪੁੱਛਿਆ ਗਿਆ ਕਿ ਵੀਡੀਓਕਾਨ ਨੂੰ ਆਈ. ਸੀ. ਆਈ. ਸੀ. ਆਈ. ਬੈਂਕ ਤੋਂ ਕਰਜ਼ਾ ਦਿਵਾਉਣ ਵਿਚ ਉਨ੍ਹਾਂ ਨੇ ਕੀ ਮਦਦ ਕੀਤੀ।
ਜ਼ਿਕਰਯੋਗ ਹੈ ਕਿ ਵੇਣੁਗੋਪਾਲ ਧੂਤ ਸਮੂਹ ਦੀ ਕੰਪਨੀ ਨੂੰ 20 ਬੈਂਕਾਂ ਨੇ 400 ਅਰਬ ਰੁਪਏ ਦਾ ਕਰਜ਼ਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸੀ. ਬੀ. ਆਈ. ਦੀ ਬੇਨਤੀ 'ਤੇ ਕੋਚਰ ਨੂੰ ਵੀਰਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਹਿਰਾਸਤ ਵਿਚ ਲਿਆ ਗਿਆ। ਉਹ ਦੱਖਣ ਪੂਰਬ ਏਸ਼ੀਆਈ ਦੇਸ਼ ਜਾਣ ਲਈ ਇਕ ਜਹਾਜ਼ ਵਿਚ ਸਵਾਰ ਹੋਣ ਵਾਲੇ ਸਨ।
ਅਧਿਕਾਰੀਆਂ ਮੁਤਾਬਕ ਏਜੰਸੀ ਨੇ ਲੋਨ ਮਾਮਲੇ ਵਿਚ ਵੀਡੀਓਕਾਨ ਸਮੂਹ ਦੇ ਪ੍ਰਮੋਟਰ ਵੇਣੁਗੋਪਾਲ ਧੂਤ, ਦੀਪਕ ਕੋਚਰ ਅਤੇ ਕੁਝ ਅਣਪਛਾਤੇ ਲੋਕਾਂ ਖਿਲਾਫ ਮੁੱਢਲੀ ਜਾਂਚ ਦਰਜ ਕੀਤੀ ਸੀ। ਸੀ. ਬੀ. ਆਈ. ਦੋਸ਼ਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਸ਼ੁਰੂਆਤੀ ਜਾਂਚ ਕਰ ਰਹੀ ਹੈ। ਇਹ ਮਾਮਲਾ ਹਾਲ ਹੀ ਵਿਚ ਚਰਚਾ ਵਿਚ ਆਇਆ ਹੈ। ਧੂਤ ਦੇ ਨਿਊਪਾਵਰ ਰੀਨਿਊਏਬਲ ਨਾਲ ਕਥਿਤ ਲੈਣ-ਦੇਣ ਨੂੰ ਲੈ ਕੇ ਜਾਂਚ ਹੋ ਰਹੀ ਹੈ। ਨਿਊਪਾਵਰ ਰੀਨਿਊਏਬਲ ਦਾ ਗਠਨ ਦੀਪਕ ਕੋਚਰ ਨੇ ਕੀਤਾ ਸੀ। ਦੀਪਕ ਕੋਚਰ ਚੰਦਾ ਕੋਚਰ ਦੇ ਪਤੀ ਅਤੇ ਰਾਜੀਵ ਕੋਚਰ ਦੇ ਭਰਾ ਹਨ। ਪਿਛਲੇ ਹਫਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਨਿਰਦੇਸ਼ਕ ਮੰਡਲ ਨੇ ਚੰਦਾ ਕੋਚਰ ਪ੍ਰਤੀ ਪੂਰਾ ਭਰੋਸਾ ਜਤਾਇਆ ਸੀ।


Related News