BRICS summit : Putin ਦੀ ਗੱਲ ਸੁਣ ਖਿੜ-ਖਿੜ ਹੱਸੇ Modi

Tuesday, Oct 22, 2024 - 05:56 PM (IST)

BRICS summit : Putin ਦੀ ਗੱਲ ਸੁਣ ਖਿੜ-ਖਿੜ ਹੱਸੇ Modi

ਮਾਸਕੋ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਰੂਸ ਪਹੁੰਚੇ। ਇੱਥੇ ਪਹੁੰਚਣ 'ਤੇ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਰੂਸ ਦੇ ਕਜ਼ਾਨ ਸ਼ਹਿਰ ਪਹੁੰਚਣ ਤੋਂ ਬਾਅਦ ਪੀ.ਐਮ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਅਤੇ ਦੋ-ਪੱਖੀ ਬੈਠਕ ਕੀਤੀ। ਮੀਟਿੰਗ ਦੌਰਾਨ ਹਾਸੇ ਅਤੇ ਮਸਤੀ ਦੇ ਪਲ ਵੀ ਦੇਖਣ ਨੂੰ ਮਿਲੇ। ਦਰਅਸਲ ਪੁਤਿਨ ਦੇ ਭਾਸ਼ਣ ਨੂੰ ਸਮਝਣ ਲਈ ਨਰਿੰਦਰ ਮੋਦੀ ਨੂੰ ਅਨੁਵਾਦਕ ਦੀ ਲੋੜ 'ਤੇ ਰੂਸੀ ਰਾਸ਼ਟਰਪਤੀ ਦੀ ਟਿੱਪਣੀ ਨੇ ਪੂਰੇ ਆਡੀਟੋਰੀਅਮ ਦਾ ਮਾਹੌਲ ਖੁਸ਼ਨੁਮਾ ਕਰ ਦਿੱਤਾ। ਪੁਤਿਨ ਦੀਆਂ ਗੱਲਾਂ ਸੁਣ ਕੇ ਨਰਿੰਦਰ ਮੋਦੀ ਵੀ ਆਪਣਾ ਹਾਸਾ ਨਹੀਂ ਰੋਕ ਸਕੇ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੈਠਕ ਦੀ ਸ਼ੁਰੂਆਤ 'ਚ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਨੁਵਾਦਕ ਦੀ ਲੋੜ ਨਹੀਂ ਹੈ। ਪੁਤਿਨ ਨੇ ਪੀ.ਐਮ ਮੋਦੀ ਨੂੰ ਕਿਹਾ ਕਿ ਸਾਡੇ ਰਿਸ਼ਤੇ ਇੰਨੇ ਪੁਰਾਣੇ ਹਨ ਕਿ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਮੈਨੂੰ ਸਮਝਣ ਲਈ ਕਿਸੇ ਅਨੁਵਾਦ ਦੀ ਲੋੜ ਹੈ। ਜਦੋਂ ਪੁਤਿਨ ਨੇ ਮੁਸਕਰਾਉਂਦੇ ਹੋਏ ਇਹ ਕਿਹਾ ਤਾਂ ਮੋਦੀ ਵੀ ਇਸ 'ਤੇ ਹੱਸ ਪਏ।

 

ਪੜ੍ਹੋ ਇਹ ਅਹਿਮ ਖ਼ਬਰ-BRICS summit ਲਈ ਵਿਸ਼ਵ ਨੇਤਾ ਪਹੁੰਚੇ ਰੂਸ ਦੇ ਕਜ਼ਾਨ ਸ਼ਹਿਰ 

ਰੂਸੀ ਰਾਸ਼ਟਰਪਤੀ ਨੇ ਕੀਤਾ ਪੀ.ਐਮ ਮੋਦੀ ਦਾ ਧੰਨਵਾਦ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਦੌਰਾਨ ਕਿਹਾ, 'ਮੈਨੂੰ ਯਾਦ ਹੈ ਕਿ ਅਸੀਂ ਜੁਲਾਈ ਵਿਚ ਮਿਲੇ ਸੀ ਅਤੇ ਕਈ ਮੁੱਦਿਆਂ 'ਤੇ ਬਹੁਤ ਚੰਗੀ ਚਰਚਾ ਹੋਈ ਸੀ। ਅਸੀਂ ਕਈ ਵਾਰ ਟੈਲੀਫੋਨ 'ਤੇ ਵੀ ਗੱਲ ਕੀਤੀ। ਕਜ਼ਾਨ ਆਉਣ ਦਾ ਸੱਦਾ ਸਵੀਕਾਰ ਕਰਨ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਪੁਤਿਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਭਾਰਤ ਨੇ ਕਜ਼ਾਨ ਵਿੱਚ ਭਾਰਤੀ ਕੌਂਸਲੇਟ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਅਸੀਂ ਇਸਦਾ ਸਵਾਗਤ ਕਰਦੇ ਹਾਂ। ਭਾਰਤ ਦੀਆਂ ਨੀਤੀਆਂ ਨਾਲ ਸਾਡੇ ਸਹਿਯੋਗ ਨੂੰ ਫ਼ਾਇਦਾ ਹੋਵੇਗਾ। ਅਸੀਂ ਤੁਹਾਨੂੰ (ਮੋਦੀ) ਅਤੇ ਤੁਹਾਡੇ ਵਫ਼ਦ ਨੂੰ ਰੂਸ ਵਿੱਚ ਦੇਖ ਕੇ ਬਹੁਤ ਖੁਸ਼ ਹਾਂ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, 'ਮੈਂ ਤੁਹਾਡੀ ਦੋਸਤੀ ਅਤੇ ਨਿੱਘਾ ਸੁਆਗਤ ਲਈ ਤੁਹਾਡਾ ਧੰਨਵਾਦ ਪ੍ਰਗਟ ਕਰਦਾ ਹਾਂ। ਭਾਰਤ ਦੇ ਇਸ ਸ਼ਹਿਰ ਨਾਲ ਡੂੰਘੇ ਅਤੇ ਇਤਿਹਾਸਕ ਸਬੰਧ ਹਨ। ਕਜ਼ਾਨ ਵਿੱਚ ਭਾਰਤ ਦਾ ਨਵਾਂ ਵਣਜ ਦੂਤਘਰ ਖੁੱਲ੍ਹਣ ਨਾਲ ਇਹ ਸਬੰਧ ਹੋਰ ਮਜ਼ਬੂਤ ​​ਹੋਣਗੇ। ਪਿਛਲੇ 3 ਮਹੀਨਿਆਂ ਵਿੱਚ ਮੇਰੀ ਦੋ ਵਾਰ ਰੂਸ ਦੀ ਯਾਤਰਾ ਸਾਡੇ ਨਜ਼ਦੀਕੀ ਤਾਲਮੇਲ ਅਤੇ ਡੂੰਘੀ ਦੋਸਤੀ ਨੂੰ ਦਰਸਾਉਂਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, 'ਅਸੀਂ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਲੈ ਕੇ ਲਗਾਤਾਰ ਸੰਪਰਕ 'ਚ ਰਹੇ ਹਾਂ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਸਾਡਾ ਮੰਨਣਾ ਹੈ ਕਿ ਸਮੱਸਿਆਵਾਂ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ। ਅਸੀਂ ਸ਼ਾਂਤੀ ਅਤੇ ਸਥਿਰਤਾ ਦੀ ਛੇਤੀ ਬਹਾਲੀ ਦਾ ਪੂਰਾ ਸਮਰਥਨ ਕਰਦੇ ਹਾਂ। ਸਾਡੇ ਸਾਰੇ ਯਤਨ ਮਨੁੱਖਤਾ ਨੂੰ ਪਹਿਲ ਦਿੰਦੇ ਹਨ। ਭਾਰਤ ਆਉਣ ਵਾਲੇ ਸਮੇਂ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News