ਦੁਨੀਆ ’ਚ ਸਭ ਤੋਂ ਵੱਧ ਟ੍ਰੈਕ ਕੀਤਾ ਗਿਆ ਪੁਤਿਨ ਦਾ ਜਹਾਜ਼
Friday, Dec 05, 2025 - 12:06 AM (IST)
ਨਵੀਂ ਦਿੱਲੀ - ਪੂਰੀ ਦੁਨੀਆ ਦੀਆਂ ਨਜ਼ਰਾਂ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਲੈ ਕੇ ਭਾਰਤ ਆ ਰਹੇ ਸਰਕਾਰੀ ਜਹਾਜ਼ ’ਤੇ ਟਿਕੀਆਂ ਰਹੀਆਂ। ‘ਫਲਾਈਟ ਰਡਾਰ 24’ ਦੇ ਅੰਕੜਿਆਂ ਅਨੁਸਾਰ, ਪੁਤਿਨ ਦਾ ਸਪੈਸ਼ਲ ਜਹਾਜ਼ ਕੁਝ ਘੰਟਿਆਂ ਲਈ ਦੁਨੀਆ ਦੀ ਸਭ ਤੋਂ ਵੱਧ ਟ੍ਰੈਕ ਕੀਤੀ ਜਾਣ ਵਾਲੀ ਫਲਾਈਟ ਬਣ ਗਿਆ। ਲੱਖਾਂ ਲੋਕਾਂ ਨੇ ਇਸ ਨੂੰ ਰੀਅਲ ਟਾਈਮ ’ਚ ਫਾਲੋ ਕੀਤਾ।
ਫਲਾਈਟ ਟਰੈਕਿੰਗ ਪਲੇਟਫਾਰਮ ‘ਫਲਾਈਟ ਰਡਾਰ 24’ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਅਤੇ ਵੈੱਬਸਾਈਟ ’ਤੇ ਪੋਸਟ ਕਰਦੇ ਹੋਏ ਦੱਸਿਆ, ‘‘ਸਾਡੀ ਹੁਣ ਤੱਕ ਦੀ ਸਭ ਤੋਂ ਵੱਧ ਟ੍ਰੈਕ ਕੀਤੀ ਗਈ ਫਲਾਈਟ : ਭਾਰਤ ਦੇ ਰਸਤੇ ’ਚ ਰੂਸ ਦੇ ਸਰਕਾਰੀ ਏਅਰਕ੍ਰਾਫਟ ’ਚੋਂ ਇਕ।’’ ਯਾਤਰਾ ਦੌਰਾਨ ਦੋ ਰੂਸੀ ਸਰਕਾਰੀ ਜਹਾਜ਼ ਵੇਖੇ ਗਏ। ਇਕ ਜਹਾਜ਼ ਨੇ ਆਪਣਾ ਟਰਾਂਸਪਾਂਡਰ ਅਚਾਨਕ ਬੰਦ ਕਰ ਦਿੱਤਾ, ਜਦੋਂ ਕਿ ਦੂਜਾ ਚਾਲੂ ਰੱਖਿਆ। ਫਿਰ ਕੁਝ ਦੇਰ ਬਾਅਦ ਰੋਲ ਬਦਲ ਗਿਆ। ਇਹ ਤਕਨੀਕ ਸੁਰੱਖਿਆ ਦੇ ਲਿਹਾਜ਼ ਨਾਲ ਅਪਣਾਈ ਜਾਂਦੀ ਹੈ ਤਾਂ ਜੋ ਅਸਲ ਜਹਾਜ਼ ਦੀ ਲੋਕੇਸ਼ਨ ਦਾ ਪਤਾ ਲਾਉਣਾ ਮੁਸ਼ਕਿਲ ਹੋਵੇ। ਟਰਾਂਸਪਾਂਡਰ ਜਹਾਜ਼ ਦੀ ਉਚਾਈ, ਸਪੀਡ ਅਤੇ ਸਟੀਕ ਕੋਆਰਡੀਨੇਟਸ ਏਅਰ ਟਰੈਫਿਕ ਕੰਟਰੋਲ ਨੂੰ ਭੇਜਦਾ ਹੈ।
ਪੁਤਿਨ ਆਪਣੀ ਕਾਰ ਛੱਡ ਕੇ ਮੋਦੀ ਨਾਲ ਪੁੱਜੇ ਪ੍ਰਧਾਨ ਮੰਤਰੀ ਨਿਵਾਸ
ਦਿੱਲੀ ਦੇ ਪਾਲਮ ਏਅਰਪੋਰਟ ਤੋਂ ਨਿਕਲਦੇ ਸਮਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਇਕ ਹੀ ਕਾਰ ’ਚ ਬੈਠੇ ਵਿਖਾਈ ਦਿੱਤੇ। ਚੀਨ ’ਚ ਹੋਏ ਐੱਸ. ਸੀ. ਓ. ਪ੍ਰੋਗਰਾਮ ਦੇ ਸਮੇਂ ਪੀ. ਐੱਮ. ਮੋਦੀ ਦੀ ਕਾਰ ਪੁਤਿਨ ਦੀ ਕਾਰ ਆਰਸ ਸੀਨੇਟ ਦੇ ਪਿੱਛੇ ਚੱਲ ਰਹੀ ਸੀ ਪਰ ਦਿੱਲੀ ’ਚ ਨਜ਼ਾਰਾ ਉਲਟਾ ਰਿਹਾ। ਇੱਥੇ ਰੂਸੀ ਰਾਸ਼ਟਰਪਤੀ ਦੀ ਕਾਰ ਪ੍ਰਧਾਨ ਮੰਤਰੀ ਮੋਦੀ ਦੀ ਟੋਯੋਟਾ ਫਾਰਚਿਊਨਰ ਦੇ ਪਿੱਛੇ ਚੱਲਦੀ ਦਿਸੀ। ਆਰਸ ਸੀਨੇਟ ਰੂਸ ਦੀ ਸਵਦੇਸ਼ੀ ਲਗਜ਼ਰੀ ਲਿਮੋਜਿਨ ਹੈ, ਜਿਸ ਨੂੰ ਖਾਸ ਤੌਰ ’ਤੇ ਰਾਸ਼ਟਰਪਤੀ ਅਤੇ ਸਰਕਾਰੀ ਵਰਤੋਂ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਨੂੰ ਅਕਸਰ ਰਸ਼ੀਅਨ ਰਾਲਸ ਰਾਇਸ ਵੀ ਕਿਹਾ ਜਾਂਦਾ ਹੈ। ਇਹ ਗੱਡੀ ਪ੍ਰੀਮੀਅਮ ਅਤੇ ਪੂਰੀ ਤਰ੍ਹਾਂ ਹਾਈ-ਟੈੱਕ ਸਕਿਓਰਿਟੀ ਸਿਸਟਮ ਨਾਲ ਲੈਸ ਹੈ ਪਰ ਪੁਤਿਨ ਨੇ ਇੱਥੇ ਆਪਣੀ ਕਾਰ ਛੱਡ ਕੇ ਮੋਦੀ ਦੀ ਕਾਰ ’ਚ ਸਫਰ ਕਰਨ ਦਾ ਫੈਸਲਾ ਕੀਤਾ।
