PM ਮੋਦੀ ਦੇ ਦੌਰੇ ਦੌਰਾਨ ਪੁਤਿਨ ਦਾ ਵੱਡਾ ਫ਼ੈਸਲਾ, ਯੂਕ੍ਰੇਨ 'ਚ ਲੜ ਰਹੇ ਭਾਰਤੀ ਪਰਤਣਗੇ ਘਰ

Tuesday, Jul 09, 2024 - 10:16 AM (IST)

ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਰੂਸ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਖ਼ਬਰ ਹੈ ਕਿ ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਸਾਹਮਣੇ ਰੂਸੀ ਫੌਜ ਵਿਚ ਭਾਰਤੀਆਂ ਦੇ ਫਸੇ ਹੋਣ ਦਾ ਮੁੱਦਾ ਚੁੱਕਿਆ ਤਾਂ ਪੁਤਿਨ ਨੇ ਤੁਰੰਤ ਫੌਜ ਵਿਚ ਕੰਮ ਕਰ ਰਹੇ ਸਾਰੇ ਭਾਰਤੀਆਂ ਨੂੰ ਵਾਪਸ ਭੇਜਣ ਦਾ ਫ਼ੈਸਲਾ ਲੈ ਲਿਆ, ਜਿਸ ਮਗਰੋਂ ਯੂਕ੍ਰੇਨ ਯੁੱਧ ਲਈ ਰੂਸੀ ਫੌਜ 'ਚ ਸ਼ਾਮਲ ਭਾਰਤੀ ਹੁਣ ਸੁਰੱਖਿਅਤ ਵਾਪਸ ਪਰਤਣਗੇ।

ਖ਼ਬਰਾਂ ਮੁਤਾਬਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਾਸਕੋ ਪਹੁੰਚ ਕੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਲ ਇਹ ਮੁੱਦਾ ਉਠਾਇਆ ਸੀ। ਇਸ ਤੋਂ ਬਾਅਦ ਭਾਰਤੀ ਸੈਨਿਕਾਂ ਦੀ ਵਾਪਸੀ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਇਸ ਸਮੇਂ 30 ਤੋਂ 40 ਭਾਰਤੀ ਰੂਸੀ ਫੌਜ ਵਿੱਚ ਸੇਵਾਵਾਂ ਦੇ ਰਹੇ ਹਨ। ਇਸ ਤੋਂ ਪਹਿਲਾਂ ਕਈ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਉਹ ਭਾਰਤੀ ਵਤਨ ਪਰਤਣਾ ਚਾਹੁੰਦੇ ਹਨ ਪਰ ਉਨ੍ਹਾਂ ਲਈ ਰੂਸੀ ਫੌਜ ਛੱਡ ਕੇ ਘਰ ਪਰਤਣਾ ਸੰਭਵ ਨਹੀਂ ਹੈ। ਭਾਰਤ ਸਰਕਾਰ ਨੇ ਰੂਸੀ ਫੌਜ ਵਿੱਚ ਭਰਤੀ ਇਨ੍ਹਾਂ ਭਾਰਤੀਆਂ ਦੀ ਵਾਪਸੀ ਲਈ ਕਈ ਕੂਟਨੀਤਕ ਯਤਨ ਕੀਤੇ ਪਰ ਰੂਸ ਵੱਲੋਂ ਕੋਈ ਭਰੋਸਾ ਨਹੀਂ ਦਿੱਤਾ ਗਿਆ। ਅਜਿਹੇ 'ਚ ਪੀ.ਐੱਮ ਮੋਦੀ ਦੇ ਰੂਸ ਦੌਰੇ ਦੌਰਾਨ ਰੂਸੀ ਫੌਜ 'ਚ ਭਰਤੀ ਇਨ੍ਹਾਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਵੱਡੀ ਤਰਜੀਹ ਸੀ। ਤੁਹਾਨੂੰ ਦੱਸ ਦੇਈਏ ਕਿ ਰੂਸ ਅਤੇ ਯੂਕ੍ਰੇਨ ਵਿਚਾਲੇ ਹੋਈ ਜੰਗ ਵਿੱਚ ਦੋ ਭਾਰਤੀ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਨੇ ਰੂਸ ਤੋਂ ਉਥੇ ਫੌਜ 'ਚ ਭਰਤੀ ਭਾਰਤੀਆਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਭਾਰਤੀਆਂ ਨੂੰ ਮੁਸਲਿਮ ਦੇਸ਼ ਨੇ ਦਿੱਤਾ ਵੱਡਾ ਆਫਰ

ਪੁਤਿਨ ਨੇ ਮੋਦੀ ਨੂੰ ਕਿਹਾ ਸੀ ਆਪਣਾ ਸਭ ਤੋਂ ਚੰਗਾ ਦੋਸਤ 

ਦੋ ਦਿਨਾਂ ਦੌਰੇ 'ਤੇ ਮਾਸਕੋ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣਾ 'ਸਭ ਤੋਂ ਚੰਗਾ ਮਿੱਤਰ' ਦੱਸਿਆ ਹੈ। ਪੀ.ਐਮ ਮੋਦੀ ਦਾ ਸਵਾਗਤ ਕਰਦੇ ਹੋਏ ਪੁਤਿਨ ਨੇ ਕਿਹਾ ਸੀ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਭ ਤੋਂ ਚੰਗੇ ਦੋਸਤ, ਤੁਹਾਡਾ ਦਿਲੋਂ ਸਵਾਗਤ ਹੈ। ਮੈਂ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹਾਂ। ਰਸਮੀ ਗੱਲਬਾਤ ਕੱਲ੍ਹ (ਸਾਡੇ ਵਿਚਕਾਰ) ਹੋਣ ਜਾ ਰਹੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਭੇਜਿਆ ਸੀ, ਜਿੱਥੇ ਦੋਵੇਂ ਨੇਤਾ ਮੰਗਲਵਾਰ ਨੂੰ ਭਾਰਤ ਅਤੇ ਰੂਸ ਵਿਚਾਲੇ 22ਵੇਂ ਸਾਲਾਨਾ ਸਿਖਰ ਸੰਮੇਲਨ ਦੌਰਾਨ ਮਿਲਣਗੇ। ਇਸ ਦੁਵੱਲੀ ਗੱਲਬਾਤ 'ਚ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਣੀ ਹੈ। ਇਸ ਤੋਂ ਪਹਿਲਾਂ ਅੱਜ ਜਦੋਂ ਦੋਵੇਂ ਨੇਤਾ ਮਿਲੇ ਤਾਂ ਉਨ੍ਹਾਂ ਦੀ ਗੂੜ੍ਹੀ ਦੋਸਤੀ ਸਾਫ਼ ਨਜ਼ਰ ਆ ਰਹੀ ਸੀ।

ਪੀ.ਐਮ ਮੋਦੀ ਪੁਤਿਨ ਦੇ ਸੱਦੇ 'ਤੇ ਪਹੁੰਚੇ ਰੂਸ  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੀਬ ਪੰਜ ਸਾਲਾਂ ਵਿੱਚ ਪਹਿਲੀ ਵਾਰ ਰੂਸ ਪਹੁੰਚੇ ਹਨ। ਆਪਣੇ ਤੀਜੇ ਕਾਰਜਕਾਲ ਵਿੱਚ ਇਹ ਉਨ੍ਹਾਂ ਦੀ ਦੂਜੀ ਵਿਦੇਸ਼ ਯਾਤਰਾ ਹੈ। ਪ੍ਰਧਾਨ ਮੰਤਰੀ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5 ਵਜੇ ਮਾਸਕੋ ਪਹੁੰਚੇ। ਇੱਥੇ ਵਨੂਕੋਵੋ-2 ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਡੇਨਿਸ ਮੰਤੁਰੋਵ ਨੇ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਵਿਚਾਲੇ ਅੱਜ ਅਧਿਕਾਰਤ ਗੱਲਬਾਤ ਹੋਵੇਗੀ। ਇਸ ਤੋਂ ਪਹਿਲਾਂ ਭਾਰਤ ਨੇ ਰੂਸ-ਯੂਕਰੇਨ ਜੰਗ 'ਤੇ ਆਪਣਾ ਰੁਖ ਸਪੱਸ਼ਟ ਕਰਦਿਆਂ ਕਿਹਾ ਸੀ ਕਿ ਮੌਜੂਦਾ ਸਥਿਤੀ ਦਾ ਹੱਲ ਜੰਗ ਦੇ ਮੈਦਾਨ 'ਤੇ ਨਹੀਂ ਲੱਭਿਆ ਜਾ ਸਕਦਾ। ਯੂਕ੍ਰੇਨ ਵਿਰੁੱਧ ਜੰਗ ਲੜ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਘਰ ਵਾਪਸੀ ਪੀ.ਐਮ ਮੋਦੀ ਦੇ ਮੁੱਖ ਏਜੰਡੇ ਵਿੱਚ ਸ਼ਾਮਲ ਸੀ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News