ਭਾਰਤੀ ਹਵਾਈ ਫ਼ੌਜ ਦੇ ਹੈਰਾਨੀਜਨਕ ਕਾਰਨਾਮੇ ਦਾ ਗਵਾਹ ਬਣਿਆ ਪੂਰਵਾਂਚਲ ਐਕਸਪ੍ਰੈੱਸ ਵੇਅ

Tuesday, Nov 16, 2021 - 06:28 PM (IST)

ਸੁਲਤਾਨਪੁਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਖੇਤਰ ਨੂੰ ਦੇਸ਼ ਦੇ ਵੱਖ-ਵੱਖ ਇਲਾਕਿਆਂ ਨਾਲ ਜੋੜਨ ਵਾਲਾ ਪੂਰਵਾਂਚਲ ਐਕਸਪ੍ਰੈੱਸ ਵੇਅ ਮੰਗਲਵਾਰ ਨੂੰ ਉਸ ਸਮੇਂ ਇਤਿਹਾਸਕ ਪਲਾਂ ਦਾ ਗਵਾਹ ਬਣਿਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਹਵਾਈ ਫ਼ੌਜ ਦੇ ਜਾਂਬਾਜ਼ ਲੜਾਕੂ ਜਹਾਜ਼ਾਂ ਨੇ ਏਅਰ ਸ਼ੋਅ ’ਚ ਐਮਰਜੈਂਸੀ ਲੈਂਡਿੰਗ ਦਾ ਹੈਰਾਨੀਜਨਕ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਮੋਦੀ ਵਲੋਂ ਐਕਸਪ੍ਰੈੱਸ ਵੇਅ ਦਾ ਉਦਘਾਟਨ ਕੀਤੇ ਜਾਣ ਤੋਂ ਬਾਅਦ ਹਵਾਈ ਫ਼ੌਜ ਦੇ ਆਧੁਨਿਕ ਲੜਾਕੂ ਜਹਾਜ਼ਾਂ ਨੇ ਇਸ ਐਕਸਪ੍ਰੈੱਸ ਵੇਅ ’ਤੇ ਬਣੀ ਹਵਾਈ ਪੱਟੀ ਨੂੰ ਐਮਰਜੈਂਸੀ ਲੈਂਡਿੰਗ ਲਈ ਇਸਤੇਮਾਲ ਕੀਤੇ ਜਾਣ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਰਤੀ ਹਵਾਈ ਫ਼ੌਜ ਦੇ ਜੰਗੀ ਬੇੜੇ ’ਚ ਸ਼ਾਮਲ ਲੜਾਕੂ ਜਹਾਜ਼ਾਂ ਜਗੁਆਰ, ਸੁਖੋਈ ਅਤੇ ਮਿਰਾਜ ਨੇ ਐਕਸਪ੍ਰੈੱਸ ਵੇਅ ’ਤੇ ਜਦੋਂ ਵਾਰੀ-ਵਾਰੀ ਨਾਲ ਲੈਂਡਿੰਗ ਕੀਤੀ ਤਾਂ ਪੂਰਾ ਮਾਹੌਲ ਹਵਾਈ ਫ਼ੌਜ ਦੀ ਬਹਾਦਰੀ ਅਤੇ ਕਾਰਨਾਮੇ ਦੇ ਪ੍ਰਦਰਸ਼ਨ ਨਾਲ ਖ਼ੁਸ਼ ਹੋ ਗਿਆ। 

ਇਹ ਵੀ ਪੜ੍ਹੋ : ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਉਦਘਾਟਨ ਕਰ ਬੋਲੇ PM ਮੋਦੀ- ਇਹ UP ਦੇ ਵਿਕਾਸ ਐਕਸਪ੍ਰੈੱਸ ਵੇਅ ਹੈ

ਇਸ ਮੌਕੇ ਮੌਜੂਦ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ, ਪ੍ਰਦੇਸ਼ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਅਤੇ ਸੰਸਦ ਮੈਂਬਰ ਮੇਨਕਾ ਗਾਂਧੀ ਨੇ ਵੀ ਲੜਾਕੂ ਜਹਾਜ਼ਾਂ ਦੇ ਕਾਰਨਾਮਿਆਂ ਤੋਂ ਖ਼ੁਸ਼ ਹੋ ਕੇ ਤਾੜੀਆਂ ਵਜਾਉਂਦੇ ਹੋਏ ਇਨ੍ਹਾਂ ਦਾ ਜੰਮ ਕੇ ਉਤਸ਼ਾਹ ਵਧਾਇਆ। ਦੱਸਣਯੋਗ ਹੈ ਕਿ ਪੂਰਵਾਂਚਲ ਐਕਸਪ੍ਰੈੱਸ ਵੇਅ ’ਤੇ ਸੁਲਤਾਨਪੁਰ ’ਚ ਸਥਿਤ ਲਗਭਗ ਤਿੰਨ ਕਿਲੋ ਮੀਟਰ ਦੇ ਹਿੱਸੇ ਨੂੰ ਹਵਾਈ ਫ਼ੌਜ ਦੇ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਲਈ ਹਵਾਈਪੱਟੀ ਦੇ ਰੂਪ ’ਚ ਬਣਾਇਆ ਗਿਆ ਹੈ। ਲਗਭਗ 45 ਮਿੰਟ ਤੱਕ ਚਲੇ ਏਅਰ ਸ਼ੋਅ ਦੌਰਾਨ ਇਨ੍ਹਾਂ ਲੜਾਕੂ ਜਹਾਜ਼ਾਂ ਨੇ ਨਾ ਸਿਰਫ਼ ਲੈਂਡਿੰਗ ਕੀਤੀ ਸਗੋਂ ਜਹਾਜ਼ ’ਚ ਫਿਊਲ ਭਰਨ ਅਤੇ ਤਕਨੀਕੀ ਪ੍ਰੀਖਣ ਵੀ ਕਰਨ ਦਾ ਸਫ਼ਲ ਪ੍ਰਯੋਗ ਕੀਤਾ।

ਇਹ ਵੀ ਪੜ੍ਹੋ : ਦੇਸ਼ ਨੂੰ ਮਿਲ ਸਕਦੈ ਪਹਿਲਾ ਸਮਲਿੰਗੀ ਜੱਜ, ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਸਿਫ਼ਾਰਿਸ਼

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News