ਪੁਰੀ ਦੇ ਭਗਵਾਨ ਜਗਨਨਾਥ ਮੰਦਰ ’ਚ ਭਗਤ ਨੇ ਦਾਨ ਕੀਤੇ 2.3 ਕਰੋੜ ਰੁਪਏ ਦੇ ਗਹਿਣੇ
Saturday, Feb 20, 2021 - 04:59 PM (IST)
ਭੁਵਨੇਸ਼ਵਰ— ਪੁਰੀ ਦੇ ਭਗਵਾਨ ਜਗਨਨਾਥ ਦੇ ਇਕ ਭਗਤ ਦੀ ਅਨੋਖੀ ਆਸਥਾ ਵੇਖਣ ਨੂੰ ਮਿਲੀ। ਭਗਤ ਨੇ 2.3 ਕਰੋੜ ਦੇ ਗਹਿਣਿਆਂ ਦਾ ਦਾਨ ਕੀਤਾ। ਖ਼ਬਰਾਂ ਮੁਤਾਬਕ ਭਗਵਾਨ ਜਗਨਨਾਥ ਦੇ ਇਕ ਭਗਤ ਨੇ ਬਸੰਤ ਪੰਚਮੀ ਦੇ ਮੌਕੇ ’ਤੇ 4 ਕਿਲੋਗ੍ਰਾਮ ਤੋਂ ਵਧ ਸੋਨਾ ਅਤੇ 3 ਕਿਲੋਗ੍ਰਾਮ ਤੋਂ ਵਧ ਚਾਂਦੀ ਗਹਿਣੇ ਭਗਵਾਨ ਵਲਭੱਦਰ, ਦੇਵੀ ਸੁਭਦਰਾ ਅਤੇ ਭਗਵਾਨ ਜਗਨਨਾਥ ਨੂੰ ਦਾਨ ਕੀਤੇ। ਮੰਦਰ ਪ੍ਰਸ਼ਾਸਨ ਵਲੋਂ ਇਹ ਜਾਣਕਾਰੀ ਦਿੱਤੀ ਗਈ।
ਸੋਨੇ ਅਤੇ ਚਾਂਦੀ ਦੇ ਇਨ੍ਹਾਂ ਗਹਿਣਿਆਂ ਦਾ ਕੁੱਲ ਵਜ਼ਨ 8 ਕਿਲੋਗ੍ਰਾਮ ਤੋਂ ਵੀ ਵਧੇਰੇ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਦਾ ਇਸਤੇਮਾਲ ਖ਼ਾਸ ਮੌਕਿਆਂ ਯਾਨੀ ਕਿ ਮੰਦਰ ’ਚ ਹੋਣ ਵਾਲੇ ਖ਼ਾਸ ਆਯੋਜਨਾਂ ਦੌਰਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਸੋਨੇ ਦੀ ਗਹਿਣਿਆਂ ਦਾ ਵਜ਼ਨ 4,858 ਕਿਲੋਗ੍ਰਾਮ ਅਤੇ ਕੀਮਤ ਕਰੀਬ 2.30 ਕਰੋੜ ਰੁਪਏ ਹੈ, ਜਦਕਿ ਚਾਂਦੀ ਦੇ ਗਹਿਣਿਆਂ ਦਾ ਵਜ਼ਨ 3.876 ਕਿਲੋਗ੍ਰਾਮ ਅਤੇ ਕੀਮਤ ਕਰੀਬ 2.91 ਲੱਖ ਰੁਪਏ ਹੈ।
ਮੰਦਰ ਪ੍ਰਸ਼ਾਸਨ ਦੇ ਮੁੱਖ ਪ੍ਰਸ਼ਾਸਕ ਕ੍ਰਿਸ਼ਨ ਕੁਮਾਰ ਨਾਲ ਭਗਤ ਦੇ ਇਕ ਨੁਮਾਇੰਦੇ ਨੇ ਮੁਲਾਕਾਤ ਕੀਤੀ ਅਤੇ ਮੰਦਰ ਕੰਪਲੈਕਸ ਵਿਚ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਹ ਗਹਿਣੇ ਸੌਂਪੇ। ਕੁਮਾਰ ਨੇ ਕਿਹਾ ਕਿ ਦਾਨਕਰਤਾ ਨੇ ਨਾਂ ਨਾ ਜ਼ਾਹਰ ਕਰਨ ਦੀ ਬੇਨਤੀ ਕੀਤੀ ਸੀ, ਕਿਉਂਕਿ ਉਹ ਪ੍ਰਚਾਰ ਨਹੀਂ ਚਾਹੁੰਦਾ ਹੈ। ਮੰਦਰ ਪ੍ਰਸ਼ਾਸਨ ਨੇ ਇਨ੍ਹਾਂ ਗਹਿਣਿਆਂ ਨੂੰ ਸਖਤ ਸੁਰੱਖਿਆ ਦਰਮਿਆਨ ਮੰਦਰ ਦਫ਼ਤਰ ਦੇ ਖ਼ਜ਼ਾਨਚੀ ’ਚ ਇਨ੍ਹਾਂ ਗਹਿਣਿਆਂ ਨੂੰ ਰੱਖਿਆ ਹੈ।