ਲੋਕ ਸਭਾ ’ਚ ਖੇਤੀਬਾੜੀ ਮੰਤਰੀ ਦਾ ਬਿਆਨ- ਰਸਾਇਣਕ ਖਾਦਾਂ ਦੀ ਵਰਤੋਂ ’ਚ ਪੰਜਾਬ ਸਭ ਤੋਂ ਅੱਗੇ
Wednesday, Dec 14, 2022 - 03:58 PM (IST)
ਨਵੀਂ ਦਿੱਲੀ- ਪੰਜਾਬ ’ਚ ਪ੍ਰਤੀ ਹੈਕਟੇਅਰ ਰਸਾਇਣਕ ਖਾਦਾਂ ਦੀ ਵਰਤੋਂ ਦੇਸ਼ ’ਚ ਸਭ ਤੋਂ ਵੱਧ ਹੁੰਦੀ ਹੈ। ਸਾਲ 2021-22 ’ਚ ਸੂਬੇ ’ਚ ਪੌਸ਼ਟਿਕ ਤੱਤਾਂ ਜਿਵੇ ਕਿ-ਨਾਈਟ੍ਰੋਜਨ, ਫਾਸਫੇਟ ਅਤੇ ਪੋਟਾਸ਼ ਆਦਿ ਦੀ ਖਪਤ 253.94 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹੀ ਹੈ। ਕਣਕ ਦੀ ਬਿਜਾਈ ਸਮੇਂ ਪੰਜਾਬ ’ਚ ਖਾਦਾਂ ਦੀ ਕਮੀ ਨੂੰ ਲੈ ਕੇ ਪੈ ਰਹੇ ਰੌਲੇ-ਰੱਪੇ ਦਰਮਿਆਨ ਰਸਾਇਣਕ ਅਤੇ ਖਾਦ ਰਾਜ ਮੰਤਰੀ ਨੇ ਮੰਗਲਵਾਰ ਨੂੰ ਰਾਜ ਸਭਾ ’ਚ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਦੇਸ਼ ’ਚ ਖਾਦਾਂ ਆਸਾਨੀ ਨਾਲ ਉਪਲਬੱਧ ਹਨ।
ਇਸ ਤੋਂ ਬਾਅਦ ਹਰਿਆਣਾ ਦਾ ਨੰਬਰ ਆਉਂਦਾ ਹੈ, ਜਿੱਥੇ ਰਸਾਇਣਕ ਖਾਦ ਦੀ ਪਖਤ 210.1 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੈ। ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੋਕ ਸਭਾ ’ਚ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਦਿੱਤੀ। ਤੋਮਰ ਨੇ ਕਿਹਾ ਕਿ ਫ਼ਸਲ ਦੀ ਚੰਗੀ ਪੈਦਾਵਾਰ ਲਈ ਪੰਜਾਬ ’ਚ ਖਾਦਾਂ ਦੀ ਵਰਤੋਂ ਪਿਛਲੇ 5 ਸਾਲਾਂ ’ਚ ਦੇਸ਼ ਵਿਚ ਸਭ ਤੋਂ ਵੱਧ ਰਹੀ ਹੈ।
ਹਾਲਾਂਕਿ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ਜਾਰੀ ਰਹੀ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਉਨ੍ਹਾਂ ਸਲਾਹ ਦਿੱਤੀ ਹੈ ਕਿ ਸਰਕਾਰ ਨੂੰ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਤੋਂ ਰੋਕਿਆ ਜਾਵੇ। ਖੇਤੀ ਮਾਹਿਰ ਦਵਿੰਦਰ ਸ਼ਰਮਾ ਨੇ ਕਿਹਾ ਕਿ ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ਨੇ ਜ਼ਮੀਨ ’ਚ ਜੈਵਿਕ ਤੱਤ ਲੱਗਭਗ ‘ਜ਼ੀਰੋ’ ਤੱਕ ਪਹੁੰਚਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪੌਦੇ ਰਸਾਇਣਕ ਖਾਦ ਦਾ ਸਿਰਫ਼ 30 ਫ਼ੀਸਦੀ ਹੀ ਖਾ ਸਕਦੇ ਹਨ ਅਤੇ ਬਾਕੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਘਟਾ ਰਹੇ ਹਨ।
ਇਸ ਦੌਰਾਨ ਤੋਮਰ ਨੇ ਕਿਹਾ ਕਿ ਜੈਵਿਕ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਨੂੰ ਕਲੱਸਟਰ ਮੋਡ ਵਿਚ ਲਾਗੂ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਤਿੰਨ ਸਾਲਾਂ ਲਈ 50,000 ਰੁਪਏ ਪ੍ਰਤੀ ਹੈਕਟੇਅਰ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਜਿਸ ’ਚੋਂ 31,000 ਰੁਪਏ ਕਿਸਾਨਾਂ ਨੂੰ ਜੈਵਿਕ ਖਾਦਾਂ ਸਮੇਤ ਜੈਵਿਕ ਖਾਦਾਂ ਲਈ ਸਿੱਧੇ ਡੀ.ਬੀ.ਟੀ ਰਾਹੀਂ ਪ੍ਰੋਤਸਾਹਨ ਵਜੋਂ ਦਿੱਤੇ ਜਾਂਦੇ ਹਨ।