ਪੰਜਾਬ ਸਰਕਾਰ ਦੇ ਵਫਦ ਨੇ ਸ਼ਿਲਾਂਗ ਜਾ ਕੇ ਸਿੱਖਾਂ ਨੂੰ ਦਿੱਤਾ ਸੁਰੱਖਿਆ ਦਾ ਭਰੋਸਾ

Wednesday, Jun 19, 2019 - 11:45 PM (IST)

ਪੰਜਾਬ ਸਰਕਾਰ ਦੇ ਵਫਦ ਨੇ ਸ਼ਿਲਾਂਗ ਜਾ ਕੇ ਸਿੱਖਾਂ ਨੂੰ ਦਿੱਤਾ ਸੁਰੱਖਿਆ ਦਾ ਭਰੋਸਾ

ਸ਼ਿਲਾਂਗ-ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਸ਼ਿਲਾਂਗ ਭੇਜੇ ਗਏ ਇਕ ਉਚ ਪੱਧਰੀ ਵਫ਼ਦ ਨੇ ਉੱਥੇ ਵਸੇ ਪੰਜਾਬੀਆਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਸੁਰੱਖਿਆ ਲਈ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਹੈ। ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਵਫਦ ਸਿੱਖ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਨੂੰ ਮਿਲਿਆ, ਜੋ ਕਿ ਵੀਰਵਾਰ ਨੂੰ ਸ਼ਿਲਾਂਗ ਦੇ ਮੁੱਖ ਮੰਤਰੀ ਕੋਂਰਾਡ ਸੰਗਮਾ ਨੂੰ ਮਿਲੇਗਾ। ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਮੌਜੂਦਾ ਵਿਵਾਦ ਨੂੰ ਦੁਵੱਲੀ ਗੱਲਬਾਤ ਰਾਹੀਂ ਨਿਪਟਾਰਾ ਕਰਨ ਲਈ ਹਰ ਸੰਭਵ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ 200 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸ਼ਿਲਾਂਗ ਵਿਚ ਵਸੇ ਇਨ੍ਹਾਂ ਸਿੱਖਾਂ ਦੇ ਸਿਵਲ ਅਧਿਕਾਰਾਂ ਦੀ ਕਿਸੇ ਵੀ ਕੀਮਤ 'ਤੇ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੂਰੀ ਤਰ੍ਹਾਂ ਇਸ ਮਾਮਲੇ ਨੂੰ ਹੱਲ ਕਰਨ ਦੇ ਹੱਕ ਵਿਚ ਹਨ ਅਤੇ ਉਹ ਨਿੱਜੀ ਤੌਰ 'ਤੇ ਮੇਘਾਲਿਆ ਦੇ ਹਮਰੁਤਬਾ ਨਾਲ ਸੰਪਰਕ ਵਿਚ ਹਨ ਅਤੇ ਉਹ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਜ਼ਮੀਨੀ ਹਕੀਕਤਾਂ ਦਾ ਪਤਾ ਲਾਉਣ ਗਏ ਵਫ਼ਦ ਵਿਚ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਮੈਂਬਰ ਵਜੋਂ ਕੁਲਦੀਪ ਸਿੰਘ ਵੈਦ ਸ਼ਾਮਲ ਹਨ। ਵਿਸ਼ੇਸ਼ ਸਕੱਤਰ ਯੋਜਨਾਬੰਦੀ ਬੀ. ਐੱਸ. ਮਾਂਗਟ ਵੀ ਵਫਦ ਨਾਲ ਗਏ ਹਨ।


author

Karan Kumar

Content Editor

Related News