ਪੰਜਾਬ ''ਚੋਂ ਲਾਪਤਾ ਕੁੜੀ ਦੇ ਕਤਲ ਮਾਮਲੇ ਦੀ ਗੁੱਥੀ ਇਕ ਸਾਲ ਬਾਅਦ ਸੁਲਝੀ, ਮਾਰਿਆ ਗਿਆ ਦੋਸ਼ੀ

Wednesday, Jun 03, 2020 - 01:59 PM (IST)

ਪੰਜਾਬ ''ਚੋਂ ਲਾਪਤਾ ਕੁੜੀ ਦੇ ਕਤਲ ਮਾਮਲੇ ਦੀ ਗੁੱਥੀ ਇਕ ਸਾਲ ਬਾਅਦ ਸੁਲਝੀ, ਮਾਰਿਆ ਗਿਆ ਦੋਸ਼ੀ

ਮੇਰਠ, ਲੁਧਿਆਣਾ (ਭਾਸ਼ਾ) : ਪੰਜਾਬ ਦੀ ਇਕ ਕੁੜੀ ਨੂੰ ਪਿਆਰ ਦੇ ਜਾਲ 'ਚ ਫਸਾ ਕੇ ਉਸ ਨਾਲ ਵਿਆਹ ਕਰਨ ਅਤੇ ਫਿਰ ਕਥਿਤ ਤੌਰ 'ਤੇ ਉਸ ਦਾ ਕਤਲ ਕਰਨ ਦੇ ਸਨਸਨੀਖੇਜ਼ ਮਾਮਲੇ 'ਚ ਮੁੱਖ ਦੋਸ਼ੀ ਸ਼ਾਕਿਬ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਪੁਲਸ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ। ਜਾਣਕਾਰੀ ਮੁਤਾਬਕ ਲੁਧਿਆਣਾ ਦੀ ਰਹਿਣ ਵਾਲੀ ਉਕਤ ਕੁੜੀ ਦੀ ਸਿਰ ਅਤੇ ਹੱਥ ਵੱਢੀ ਲਾਸ਼ ਇਕ ਸਾਲ ਪਹਿਲਾਂ ਲੋਹੀਆਂ ਪਿੰਡ ਦੇ ਖੇਤ 'ਚੋਂ ਬਰਾਮਦ ਕੀਤੀ ਗਈ ਸੀ। ਐਸ. ਐਸ. ਪੀ. ਅਜੇ ਸਾਹਨੀ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਪ੍ਰੈੱਸ ਕਾਨਫਰੰਸ 'ਚੋਂ ਥਾਣੇ ਲਿਜਾਂਦੇ ਸਮੇਂ ਸਿਪਾਹੀ ਦੀ ਪਿਸਤੌਲ ਖੋਹ ਕੇ ਸ਼ਾਕਿਬ ਭੱਜ ਗਿਆ ਅਤੇ ਉਸ ਦਾ ਪਿੱਛਾ ਕਰਨ 'ਤੇ ਸ਼ਾਕਿਬ ਨੇ ਸਿਪਾਹੀ ਦੇ ਸੀਨੇ 'ਚ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਪੁਲਸ ਦੀ ਮਦਦ ਨਾਲ ਸਿਵਾਇਆ ਦੇ ਜੰਗਲ 'ਚ ਸ਼ਾਕਿਬ ਦੀ ਘੇਰਾਬੰਦੀ ਕੀਤੀ ਗਈ ਅਤੇ ਇਸ ਦੌਰਾਨ ਗੋਲੀ ਲੱਗਣ ਕਾਰਨ ਉਹ ਜ਼ਖਮੀਂ ਹੋ ਗਿਆ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੌਰਾਲਾ 'ਚ ਇਕ ਸਾਲ ਪਹਿਲਾਂ ਕੁੜੀ ਦੇ ਕਤਲ ਦੇ ਮਾਮਲੇ 'ਚ ਪੁਲਸ ਨੇ ਸੋਮਵਾਰ ਨੂੰ ਸ਼ਾਕਿਬ, ਉਸ ਦੇ ਭਰਾ, ਪਿਤਾ, ਭਰਜਾਈ ਅਤੇ ਦੋਸਤ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਸ ਲਾਈਨ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ। ਉੱਥੋਂ ਸਾਰੇ ਮੁਲਜ਼ਮਾਂ ਨੂੰ ਗੱਡੀ 'ਚ ਬਿਠਾ ਕੇ ਥਾਣੇ ਲਿਜਾਇਆ ਜਾ ਰਿਹਾ ਸੀ, ਇਸ ਦੌਰਾਨ ਹੀ ਸ਼ਾਕਿਬ ਭੱਜਣ 'ਚ ਕਾਮਯਾਬ ਹੋ ਗਿਆ।
ਜਾਣੋ ਕੀ ਹੈ ਪੂਰਾ ਮਾਮਲਾ
ਦੌਰਾਲਾ ਦੇ ਲੋਹੀਆਂ ਵਾਸੀ ਸ਼ਾਕਿਬ ਨੇ ਸਾਲ 2019 'ਚ ਲੁਧਿਆਣਾ ਦੀ ਰਹਿਣ ਵਾਲੀ ਏਕਤਾ ਨੂੰ ਪਰਿਵਾਰ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ। ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ 'ਚ ਜ਼ਿਲ੍ਹਾ ਕ੍ਰਾਈਮ ਰਿਕਾਰਡ ਬਿਓਰੋ ਅਤੇ ਸਟੇਟ ਕ੍ਰਾਈਮ ਰਿਕਾਰਡ ਬਿਓਰੋ 'ਚ ਲਾਪਤਾ ਕੁੜੀਆਂ ਦੇ ਮਾਮਲੇ ਦਿਖਾਏ ਗਏ ਪਰ ਕੋਈ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਪੁਲਸ ਦੀ ਇਕ ਟੀਮ ਨੂੰ ਇਹ ਪਤਾ ਲਾਉਣ ਦਾ ਕੰਮ ਦਿੱਤਾ ਗਿਆ ਕਿ ਲੋਹੀਆਂ ਪਿੰਡ ਦੇ ਕਿਹੜੇ-ਕਿਹੜੇ ਮੁੰਡੇ ਬਾਹਰ ਕੰਮ ਕਰਦੇ ਹਨ। ਉਹ ਜਿੱਥੇ-ਜਿੱਥੇ ਕੰਮ ਕਰਦੇ ਸਨ, ਉੱਥੋਂ ਦੇ ਥਾਣਿਆਂ 'ਚ ਲਾਪਤਾ ਕੇਸ ਦਿਖਾਏ ਗਏ। ਅਖੀਰ ਪੰਜਾਬ 'ਚ ਜਾ ਕੇ ਪੁਲਸ ਨੂੰ ਸਫਲਤਾ ਮਿਲੀ। ਇਕ ਸਾਲ ਦੀ ਮਿਹਨਤ ਤੋਂ ਬਾਅਦ ਪੁਲਸ ਨੇ ਲਾਪਤਾ ਕੁੜੀ ਦੀ ਪਛਾਣ ਲੁਧਿਆਣਾ ਦੇ ਮੋਤੀਨਗਰ ਥਾਣਾ ਖੇਤਰ ਵਾਸੀ ਏਕਤਾ ਪੁੱਤਰੀ ਸੰਜੀਵ ਕੁਮਾਰ ਦੇ ਰੂਪ 'ਚ ਕੀਤੀ। ਏਕਤਾ ਬੀ. ਕਾਮ ਦੀ ਵਿਦਿਆਰਥਣ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਨੌਕਰੀ ਵੀ ਕਰਦੀ ਸੀ।

ਬੀਮਾਰ ਹੋਣ 'ਤੇ ਹੀ ਲੁਧਿਆਣਾ 'ਚ ਤਾਂਤਰਿਕ ਕਿਰਿਆ ਕਰਨ ਵਾਲੇ ਦੌਰਾਲਾ ਦੇ ਲੋਹੀਆਂ ਵਾਸੀ ਸ਼ਾਕਿਬ ਕੋਲ ਇਲਾਜ ਕਰਾਉਣ ਲਈ ਗਈ ਸੀ। ਉਸ ਸਮੇਂ ਸ਼ਾਕਿਬ ਲੁਧਿਆਣਾ ਦੇ ਦਿਲਸ਼ਾਦ ਨੇੜੇ ਕੰਮ ਕਰਦਾ ਸੀ। ਸ਼ਾਕਿਬ ਨੇ ਏਕਤਾ ਨੂੰ ਪਹਿਲਾਂ ਆਪਣੇ ਪ੍ਰੇਮ ਜਾਲ 'ਚ ਫਸਾਇਆ। ਉਸ ਨੇ ਕੁੜੀ ਨੂੰ ਆਪਣਾ ਨਾਂ ਅਮਨ ਦੱਸਿਆ। ਏਕਤਾ ਉਸ ਨਾਲ ਵਿਆਹ ਕਰਨ ਲਈ ਤਿਆਰ ਹੋ ਗਈ। ਪਿਛਲੇ ਸਾਲ ਮਈ 'ਚ ਦੋਵੇਂ ਲੁਧਿਆਣਾ ਤੋਂ ਫਰਾਰ ਹੋ ਗਏ। ਏਕਤਾ ਆਪਣੇ ਘਰੋਂ 15 ਤੋਲੇ ਸੋਨਾ ਅਤੇ 15 ਲੱਖ ਰੁਪਏ ਲੈ ਕੇ ਆਈ ਸੀ। ਏਕਤਾ ਨੂੰ ਲੈ ਕੇ ਸ਼ਾਕਿਬ ਆਪਣੇ ਪਿੰਡ ਆ ਗਿਆ। ਇੱਥੇ ਸ਼ਾਕਿਬ ਨੇ ਏਕਤਾ ਨਾਲ ਘਰ 'ਚ ਹੀ ਵਿਆਹ ਕਰ ਲਿਆ। ਸੁਹਾਗਰਾਤ ਤੋਂ ਬਾਅਦ ਆਪਣੇ ਪਰਿਵਾਰ ਦੀ ਮਦਦ ਨਾਲ ਕੋਲਡ ਡਰਿੰਕ 'ਚ ਨਸ਼ੀਲੀ ਗੋਲੀ ਪਾ ਕੇ ਉਸ ਨੇ ਏਕਤਾ ਨੂੰ ਪਿਲਾ ਦਿੱਤੀ। ਉਸ ਤੋਂ ਬਾਅਦ ਉਹ ਆਪਣੇ ਪਰਿਵਾਰ ਦੀ ਮਦਦ ਨਾਲ ਏਕਤਾ ਨੂੰ ਜੰਗਲ 'ਚ ਲੈ ਗਿਆ ਅਤੇ ਏਕਤਾ ਦੇ ਸਰੀਰ ਦੇ ਵੱਖ-ਵੱਖ ਅੰਗ ਵੱਢ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਬਾਅਦ 'ਚ ਉਸ ਦੇ ਧੜ ਨੂੰ ਗੰਨੇ ਦੇ ਖੇਤ 'ਚ ਟੋਆ ਪੁੱਟ ਕੇ ਲੂਣ ਪਾ ਕੇ ਦੱਬ ਦਿੱਤਾ, ਜਦੋਂ ਕਿ ਹੱਥ, ਪੈਰ ਅਤੇ ਸਿਰ ਨੂੰ ਪਿੰਡ ਦੇ ਤਲਾਬ 'ਚ ਸੁੱਟ ਦਿੱਤਾ। ਇਸ ਤੋਂ ਬਾਅਦ ਦੋਸ਼ੀ ਸ਼ਾਕਿਬ ਮ੍ਰਿਤਕਾ ਦੇ ਮੋਬਾਇਲ ਫੋਨ ਅਤੇ ਉਸ ਦੇ ਵਟਸਐਪ 'ਚ ਸਮੇਂ-ਸਮੇਂ 'ਤੇ ਸਟੇਟਸ ਬਦਲਦਾ ਰਿਹਾ ਤਾਂ ਜੋ ਇਹ ਸੰਦੇਸ਼ ਜਾਵੇ ਕਿ ਉਹ ਜ਼ਿੰਦਾ ਹੈ।


author

Babita

Content Editor

Related News