17 ਕੁੜੀਆਂ ਨਾਲ ਯੌਨ ਸ਼ੋਸ਼ਣ ਦਾ ਮਾਮਲਾ : ਦੋਸ਼ੀਆਂ ਲਈ ਰਾਜ ਸਭਾ ’ਚ ਕੀਤੀ ਗਈ ਸਜ਼ਾ ਦੀ ਮੰਗ
Friday, Dec 10, 2021 - 02:10 PM (IST)
ਨਵੀਂ ਦਿੱਲੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ 10ਵੀਂ ਜਮਾਤ ਦੀਆਂ 17 ਕੁੜੀਆਂ ਨੂੰ ਪ੍ਰੈਕਟਿਕਲ ਪ੍ਰੀਖਿਆ ਦੇ ਨਾਮ ’ਤੇ ਕਿਤੇ ਹੋਰ ਲਿਜਾ ਕੇ ਭੋਜਨ ਨਾਲ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤੇ ਜਾਣ ਦਾ ਮੁੱਦਾ ਸ਼ੁੱਕਰਵਾਰ ਨੂੰ ਰਾਜ ਸਭਾ ’ਚ ਚੁੱਕਦੇ ਹੋਏ ਆਮ ਆਦਮੀ ਪਾਰਟੀ ਦੇ ਇਕ ਮੈਂਬਰ ਨੇ ਇਸ ਮਾਮਲੇ ਦੀ ਸੁਣਵਾਈ ਲਈ ਫਾਸਟ ਟਰੈਕ ਅਦਾਲਤ ਦਾ ਗਠਨ ਕੀਤੇ ਜਾਣ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ। ਜ਼ੀਰੋ ਕਾਲ ਦੌਰਾਨ ਉੱਚ ਸਦਨ ’ਚ ਇਹ ਮੁੱਦਾ ਚੁੱਕਦੇ ਹੋਏ ‘ਆਪ’ ਦੇ ਸੰਜੇ ਸਿੰਘ ਨੇ ਕਿਹਾ ਕਿ ਇਹ ਘਟਨਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ 18 ਨਵੰਬਰ ਨੂੰ ਹੋਈ ਅਤੇ ਪੀੜਤ ਕੁੜੀਆਂ ਨਾਬਾਲਗ ਹਨ।
ਉਨ੍ਹਾਂ ਕਿਹਾ 2 ਦਿਨ ਤੱਕ ਇਕ ਨਿੱਜੀ ਸਕੂਲ ’ਚ ਰੱਖੇ ਜਾਣ ਅਤੇ ਕਥਿਤ ਤੌਰ ’ਤੇ ਯੌਨ ਸ਼ੋਸ਼ਣ ਕਰਨ ਤੋਂ ਬਾਅਦ ਇਨ੍ਹਾਂ ਕੁੜੀਆਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਕਿਸੇ ਨੂੰ ਦੱਸਿਆ ਤਾਂ ਉਨ੍ਹਾਂ ਨੂੰ ਪ੍ਰੈਕਟਿਕਲ ਪ੍ਰੀਖਿਆ ’ਚ ਫ਼ੇਲ ਕਰ ਦਿੱਤਾ ਜਾਵੇਗਾ। ਵਾਪਸ ਆਉਣ ਦੇ ਕਈ ਦਿਨਾਂ ਬਾਅਦ ਇਕ ਕੁੜੀ ਨੇ ਆਪਣੇ ਮਾਤਾ-ਪਿਤਾ ਨੂੰ ਇਸ ਦੀ ਜਾਣਕਾਰੀ ਦਿੱਤੀ। ਜਦੋਂ ਮਾਤਾ-ਪਿਤਾ ਸ਼ਿਕਾਇਤ ਦਰਜ ਕਰਵਾਉਣ ਗਏ ਤਾਂ ਪੁਲਸ ਥਾਣੇ ਅਤੇ ਕੋਤਵਾਲੀ ’ਚ ਉਨ੍ਹਾਂ ਦੀ ਸ਼ਿਕਾਇਤ ਦਰਜ ਕਰਨ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਨੇ ਸਹਾਇਕ ਪੁਲਸ ਸੁਪਰਡੈਂਟ ਨੂੰ ਸ਼ਿਕਾਇਤ ਕੀਤੀ, ਉਦੋਂ ਐੱਫ.ਆਈ.ਆਰ. ਦਰਜ ਕੀਤੀ ਗਈ।’’ ਸਿੰਘ ਨੇ ਇਸ ਨੂੰ ਬੇਹੱਦ ਗੰਭੀਰ ਘਟਨਾ ਦੱਸਦੇ ਹੋਏ ਮੰਗ ਕੀਤੀ ਕਿ ਇਸ ਦੀ ਸੁਣਵਾਈ ਲਈ ਸਰਕਾਰ ਨੂੰ ਇਕ ਫਾਸਟ ਟਰੈਕ ਕੋਰਟ ਦਾ ਗਠਨ ਕਰਨਾ ਚਾਹੀਦਾ, 6 ਮਹੀਨਿਆਂ ਅੰਦਰ ਪੂਰੇ ਮਾਮਲੇ ਦੀ ਸੁਣਵਾਈ ਹੋਣੀ ਚਾਹੀਦੀ ਅਤੇ ਦੋਸ਼ੀਆਂ ਨੂੰ ਅਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ, ਜੋ ਮਿਸਾਲ ਸਾਬਤ ਹੋਵੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ