ਪੁਲਵਾਮਾ ਹਮਲਾ : ਸ਼ਹੀਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਇਆ ਗੁਜਰਾਤ ਦਾ ਵਪਾਰੀ
Sunday, Feb 17, 2019 - 05:38 PM (IST)
ਅਹਿਮਦਾਬਾਦ (ਭਾਸ਼ਾ)— 14 ਫਰਵਰੀ ਦੀ ਸ਼ਾਮ ਹੁੰਦੇ-ਹੁੰਦੇ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਮਿਲੀ, ਉਹ ਖ਼ਬਰ ਸੀ ਸਾਡੇ 40 ਫੌਜੀ ਜਵਾਨਾਂ ਦੇ ਸ਼ਹੀਦ ਹੋ ਜਾਣ ਦੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਆਤਮਘਾਤੀ ਹਮਲਾ ਹੋਇਆ, ਜਿਸ 'ਚ 40 ਸੀ. ਆਰ. ਪੀ. ਐੱਫ ਜਵਾਨ ਸ਼ਹੀਦ ਹੋ ਗਏ। ਇਹ ਹਮਲਾ ਉੜੀ 'ਚ ਹੋਏ ਹਮਲੇ ਤੋਂ ਵੀ ਭਿਆਨਕ ਅੱਤਵਾਦੀ ਹਮਲਾ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਹੈ। ਆਦਿਲ ਅਹਿਮਦ ਡਾਰ ਨਾਂ ਦੇ 21 ਸਾਲਾ ਆਤਮਘਾਤੀ ਹਮਲਾਵਰ ਨੇ ਪੁਲਵਾਮਾ ਜ਼ਿਲੇ 'ਚ ਜਵਾਨਾਂ ਦੇ ਵਾਹਨਾਂ ਨੂੰ ਟੱਕਰ ਮਾਰ ਕੇ ਆਈ. ਈ. ਡੀ. ਧਮਾਕਾ ਕੀਤਾ, ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਝ ਹੀ ਪਲਾਂ ਵਿਚ ਜਵਾਨ ਸ਼ਹੀਦ ਹੋ ਗਏ। ਪੂਰੇ ਦੇਸ਼ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਲੋਕਾਂ 'ਚ ਇਸ ਹਮਲੇ ਨੂੰ ਲੈ ਕੇ ਰੋਹ ਹੈ।
ਇਸ ਭਿਆਨਕ ਅੱਤਵਾਦੀ ਹਮਲੇ ਮਗਰੋਂ ਕਈ ਹੱਥ ਮ੍ਰਿਤਕ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ। ਗੁਜਰਾਤ ਦੇ ਇਕ ਸਥਾਨਕ ਵਪਾਰੀ ਨੇ ਪੁਲਵਾਮਾ ਹਮਲੇ ਵਿਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਬਤੌਰ ਆਰਥਿਕ ਮਦਦ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਗੁਜਰਾਤ ਦੇ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਦਿੱਤੀ। ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਵਪਾਰੀ ਅਹਿਮਦਾਬਾਦ ਸਥਿਤ ਜਯ ਸੋਮਨਾਥ ਇਨਫਰਾਸਟ੍ਰਕਚਰ ਦੇ ਮਾਲਕ ਬਾਬੂਭਾਈ ਪਟੇਲ ਹੈ। ਵਪਾਰੀ ਦੇ ਯੋਗਦਾਨ ਬਾਰੇ ਪਟੇਲ ਨੇ ਦੱਸਿਆ, ''ਮੇਰਾ ਮੰਨਣਾ ਹੈ ਕਿ ਇਹ ਐਲਾਨ ਸਾਡੇ ਦੇਸ਼ ਲਈ ਆਪਣੀ ਕੁਰਬਾਨੀ ਦੇਣ ਵਾਲੇ ਫੌਜੀਆਂ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਤ ਕਰੇਗੀ। ਅਜਿਹੇ ਦਾਨਦਾਤਾ ਗੁਜਰਾਤ ਦਾ ਮਾਣ ਹੋਣਗੇ।''