ਪੁਲਵਾਮਾ ''ਚ ਲਸ਼ਕਰ ਦੇ 2 ਟਿਕਾਣਿਆਂ ਤੋਂ ਭਾਰੀ ਮਾਤਰਾ ''ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ
Thursday, Aug 13, 2020 - 02:05 PM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ 2 ਟਿਕਾਣਿਆਂ ਦਾ ਪਰਦਾਫਾਸ਼ ਕਰ ਕੇ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਹਨ। ਪੁਲਸ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਅਤੇ ਉਨ੍ਹਾਂ ਦੇ ਟਿਕਾਣਿਆਂ ਬਾਰੇ ਖੁਫੀਆ ਸੂਚਨਾ ਤੋਂ ਬਾਅਦ ਰਾਸ਼ਟਰੀ ਰਾਈਫਲਜ਼, ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਜਵਾਨਾਂ ਨੇ ਬੁੱਧਵਾਰ ਰਾਤ ਪੁਲਵਾਮਾ ਦੇ ਬਦਰੂ ਬਾਰਸੋ 'ਚ ਜੰਗਲ 'ਚ ਇਕ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਮੁਹਿੰਮ ਦੌਰਾਨ ਅੱਜ ਯਾਨੀ ਵੀਰਵਾਰ ਸਵੇਰੇ ਸੁਰੱਖਿਆ ਦਸਤਿਆਂ ਨੇ ਲਸ਼ਕਰ ਦੇ 2 ਟਿਕਾਣਿਆਂ ਦਾ ਪਰਦਾਫਾਸ਼ ਕੀਤਾ ਗਿਆ। ਟਿਕਾਣਿਆਂ ਤੋਂ 1918 ਏ.ਕੇ. ਰਾਊਂਡ, 2 ਹੱਥਗੋਲੇ, ਯੂ.ਬੀ.ਜੀ.ਐੱਲ. ਥ੍ਰੇਸਰ, ਚਾਰ ਯੂ.ਬੀ.ਜੀ.ਐੱਲ. ਗ੍ਰਨੇਡ, ਅਮੋਨੀਅਮ ਨਾਈਟਰੇਟ, ਜਿਲੇਟਿਨ ਛੜ, ਕਰੂਡ ਪਾਈਪ ਬੰਬ ਅਤੇ ਕੋਡ ਸ਼ੀਟ ਸਮੇਤ ਵੱਡੀ ਗਿਣਤੀ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਗਏ ਹਨ। ਮੁਹਿੰਮ ਤੋਂ ਪਹਿਲਾਂ ਹੀ ਅੱਤਵਾਦੀਆਂ ਦੇ ਦੌੜ ਜਾਣ ਕਾਰਨ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।