ਪੁਲਵਾਮਾ ''ਚ ਗ੍ਰੇਨੇਡ ਸਮੇਤ ਸ਼ੱਕੀ ਅੱਤਵਾਦੀ ਗ੍ਰਿਫਤਾਰ
Friday, Mar 16, 2018 - 10:49 PM (IST)
ਸ਼੍ਰੀਨਗਰ—ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲਾ 'ਚ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਪਦਗਾਮਪੁਰਾ ਇਲਾਕੇ ਨੇੜੇ ਸੁਰੱਖਿਆ ਬਲਾਂ ਨੇ ਇਕ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਹੈਂਡ ਗ੍ਰੇਨੇਡ ਬਰਾਮਦ ਕੀਤਾ। ਪੁਲਸ ਬੁਲਾਰੇ ਨੇ ਦੱਸਿਆ ਕਿ ਅੱਜ ਦੁਪਹਿਰ ਨੂੰ ਪਦਗਾਮਪੁਰਾ ਇਲਾਕੇ ਨੇੜੇ ਰਾਜਮਾਰਗ 'ਤੇ ਕਾਨੂੰਨ ਵਿਵਸਥਾ ਲਈ ਡਿਊਟੀ 'ਤੇ ਤਾਇਨਾਤ ਪੁਲਸ ਦਲ ਨੇ ਇਕ ਵਿਅਕਤੀ ਦੀ ਸ਼ੱਕੀ ਆਵਾਜਾਈ ਨੂੰ ਦੇਖਿਆ ਅਤੇ ਉਸ ਨੂੰ ਰੁਕਣ ਲਈ ਕਿਹਾ। ਇਸ ਦੌਰਾਨ ਸ਼ੱਕੀ ਨੇ ਜੇਬ 'ਚੋਂ ਕੁੱਝ ਸ਼ੱਕੀ ਸਮਾਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਦਲ ਨੇ ਉਸ ਨੂੰ ਦਬੋਚ ਲਿਆ ਅਤੇ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ ਇਕ ਜਿਉਂਦਾ ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ।
ਬੁਲਾਰੇ ਨੇ ਕਿਹਾ ਕਿ ਪੁੱਛਗਿੱਛ 'ਤੇ ਉਸ ਦੀ ਪਛਾਣ ਏਜਾਜ ਅਹਿਮਦ ਭੱਟ ਪੁੱਤਰ ਗੁਲਾਮ ਮੁਹੰਮਦ ਭੱਟ ਨਿਵਾਸੀ ਡਾਂਗਰਪੁਰਾ ਪਦਗਾਮਪੁਰਾ ਦੇ ਰੂਪ 'ਚ ਹੋਈ ਹੈ। ਉਕਤ ਸ਼ੱਕੀ ਵਿਅਕਤੀ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ ਅਤੇ ਉਸ ਦੇ ਖਿਲਾਫ ਪੁਲਸ ਸਟੇਸ਼ਨ ਅਵੰਤੀਪੁਰਾ 'ਚ 7/25 ਹਥਿਆਰ ਐਕਟ ਅਧੀਨ ਐਫ. ਆਈ. ਆਰ. ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
