ਪੁਡੂਚੇਰੀ ''ਚ ਡਿੱਗੀ ਕਾਂਗਰਸ ਦੀ ਸਰਕਾਰ, ਫਲੋਰ ਟੈਸਟ ''ਚ ਫ਼ੇਲ ਹੋਏ CM ਨਾਰਾਇਣਸਾਮੀ

Monday, Feb 22, 2021 - 01:02 PM (IST)

ਪੁਡੂਚੇਰੀ ''ਚ ਡਿੱਗੀ ਕਾਂਗਰਸ ਦੀ ਸਰਕਾਰ, ਫਲੋਰ ਟੈਸਟ ''ਚ ਫ਼ੇਲ ਹੋਏ CM ਨਾਰਾਇਣਸਾਮੀ

ਪੁਡੂਚੇਰੀ- ਵੀ. ਨਾਰਾਇਣਸਾਮੀ ਸਰਕਾਰ ਵਿਧਾਨ ਸਭਾ 'ਚ ਸੋਮਵਾਰ ਨੂੰ ਸ਼ਕਤੀ ਪ੍ਰੀਖਣ ਦੌਰਾਨ ਬਹੁਮਤ ਸਾਬਤ ਕਰਨ 'ਚ ਅਸਫ਼ਲ ਰਹੀ, ਜਿਸ ਕਾਰਨ ਸੂਬੇ 'ਚ ਕਾਂਗਰਸ ਦੀ ਸਰਕਾਰ ਡਿੱਗ ਗਈ ਹੈ। ਦੱਸਣਯੋਗ ਹੈ ਕਿ 5 ਕਾਂਗਰਸ ਵਿਧਾਇਕਾਂ ਅਤੇ ਇਕ ਦਰਮੁਕ ਵਿਧਾਇਕ ਦੇ ਐਤਵਾਰ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਵੀ. ਨਾਰਾਇਣਸਾਮੀ ਲਈ ਸਮੱਸਿਆ ਪੈਦਾ ਹੋ ਗਈ ਸੀ, ਹਾਲਾਂਕਿ ਉਹ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਕੋਲ ਪੂਰਾ ਬਹੁਮਤ ਹੈ ਅਤੇ ਉਹ ਆਸਾਨੀ ਨਾਲ ਆਪਣਾ ਬਹੁਮਤ ਸਾਬਤ ਕਰ ਦੇਣਗੇ ਪਰ ਅਜਿਹਾ ਹੋ ਨਹੀਂ ਸਕਿਆ। ਹਾਲਾਂਕਿ ਵਿਸ਼ਵਾਸ ਮਤ (ਵੋਟ) ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਪੂਰਨ ਸੂਬੇ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਕਿਰਨ ਬੇਦੀ ਨੂੰ ਪੁੱਡੂਚੇਰੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਹਟਾਇਆ

ਨਾਰਾਇਣਸਾਮੀ ਕੋਲ 9 ਵਿਧਾਇਕਾਂ ਤੋਂ ਇਲਾਵਾ 2 ਡੀ.ਐੱਮ.ਕੇ. ਅਤੇ ਇਕ ਆਜ਼ਾਦ ਵਿਧਾਇਕ ਦਾ ਸਮਰਥਨ ਸੀ ਯਾਨੀ ਕਿ ਉਨ੍ਹਾਂ ਕੋਲ 12 ਵਿਧਾਇਕ ਸਨ, ਜਦੋਂ ਕਿ ਮੈਜ਼ਿਕ ਅੰਕੜਾ 14 ਦਾ ਸੀ। ਜਿਸ ਕਾਰਨ ਸ਼ਕਤੀ ਪ੍ਰੀਖਣ 'ਚ ਨਾਰਾਇਣਸਾਮੀ ਨੂੰ ਨਾਕਾਮੀ ਝੱਲਣੀ ਪਈ। ਫਲੋਰ ਟੈਸਟ 'ਚ ਫ਼ੇਲ ਹੋਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਐਲਾਨ ਕੀਤਾ ਕਿ ਨਾਰਾਇਣਸਾਮੀ ਸਰਕਾਰ ਨੇ ਇੱਥੇ ਬਹੁਮਤ ਗਵਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਹੋਵੇਗਾ। ਪੁਡੂਚੇਰੀ 'ਚ ਕਾਂਗਰਸ ਦੀ ਸਰਕਾਰ ਡਿੱਗਣ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ 'ਤੇ ਤੰਜ਼ ਕੱਸਿਆ ਹੈ। ਭਾਜਪਾ ਨੇਤਾ ਅਮਿਤ ਮਾਲਵੀਏ ਨੇ ਕਿਹਾ ਕਿ ਰਾਹੁਲ ਪੁਡੂਚੇਰੀ ਗਏ ਸਨ ਅਤੇ ਉੱਥੇ ਉਨ੍ਹਾਂ ਦੀ ਸਰਕਾਰ ਡਿੱਗ ਗਈ ਹੈ।

ਇਹ ਵੀ ਪੜ੍ਹੋ : ਆਫ਼ ਦਿ ਰਿਕਾਰਡ : ਕਿਰਨ ਬੇਦੀ ਨੂੰ ਉੱਪ ਰਾਜਪਾਲ ਅਹੁਦੇ ਤੋਂ ਹਟਾਉਣਾ ਅਮਿਤ ਸ਼ਾਹ ਦੀ ਸੋਚੀ-ਸਮਝੀ ਰਣਨੀਤੀ

ਦੱਸਣਯੋਗ ਹੈ ਕਿ ਫਲੋਰ ਟੈਸਟ ਤੋਂ ਪਹਿਲਾਂ ਮੁੱਖ ਮੰਤਰੀ ਨਾਰਾਇਣਸਾਮੀ ਨੇ ਸਦਨ 'ਚ ਕਿਹਾ ਕਿ ਵਿਧਾਇਕਾਂ ਨੂੰ ਪਾਰਟੀ ਲਈ ਈਮਾਨਦਾਰ ਰਹਿਣਾ ਚਾਹੀਦਾ, ਜੋ ਵਿਧਾਇਕ ਪਾਰਟੀ ਤੋਂ ਅਸਤੀਫ਼ਾ ਦੇ ਚੁਕੇ ਹਨ, ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਣਗੇ, ਕਿਉਂਕਿ ਲੋਕ ਉਨ੍ਹਾਂ ਨੂੰ ਮੌਕਾਪ੍ਰਸਤ ਕਹਿ ਰਹੇ ਹਨ। ਨਾਲ ਹੀ ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਾਬਕਾ ਉੱਪ ਰਾਜਪਾਲ ਕਿਰਨ ਬੇਦੀ ਅਤੇ ਕੇਂਦਰ ਸਰਕਾਰ ਨੇ ਵਿਰੋਧੀਆਂ ਨਾਲ ਮਿਲ ਕੇ ਸਰਕਾਰ ਸੁੱਟਣ ਦੀ ਕੋਸ਼ਿਸ਼ ਕੀਤੀ। ਸਾਡੇ ਵਿਧਾਇਕਾਂ ਦੀ ਇਕਜੁਟਤਾ ਕਾਰਨ ਅਸੀਂ ਪਿਛਲੇ 5 ਸਾਲਾਂ ਤੋਂ ਸਰਕਾਰ ਚਲਾ ਰਹੇ ਹਾਂ ਪਰ ਕੇਂਦਰ ਨੇ ਸਾਡੇ ਵਲੋਂ ਅਪੀਲ ਦੇ ਬਾਵਜੂਦ ਫੰਡ ਨਾ ਦੇ ਕੇ ਪੁਡੂਚੇਰੀ ਦੀ ਜਨਤਾ ਨੂੰ ਧੋਖਾ ਦਿੱਤਾ ਹੈ।


author

DIsha

Content Editor

Related News