ਸ਼੍ਰੀਨਗਰ ’ਚ ਦੋ ਅਧਿਆਪਕਾਂ ਦੇ ਕਤਲ ਦੇ ਰੋਹ ’ਚ ਪ੍ਰਦਰਸ਼ਨ, ਕਿਹਾ- ‘ਸਾਨੂੰ ਇਨਸਾਫ਼ ਚਾਹੀਦੈ’

Saturday, Oct 09, 2021 - 01:25 PM (IST)

ਸ਼੍ਰੀਨਗਰ ’ਚ ਦੋ ਅਧਿਆਪਕਾਂ ਦੇ ਕਤਲ ਦੇ ਰੋਹ ’ਚ ਪ੍ਰਦਰਸ਼ਨ, ਕਿਹਾ- ‘ਸਾਨੂੰ ਇਨਸਾਫ਼ ਚਾਹੀਦੈ’

ਜੰਮੂ— ਜੰਮੂ-ਕਸ਼ਮੀਰ ਪੀਪਲਜ਼ ਫੋਰਮ ਨੇ ਬੀਤੇ ਕੱਲ੍ਹ ਸ਼੍ਰੀਨਗਰ ’ਚ ਅੱਤਵਾਦੀਆਂ ਵਲੋਂ ਦੋ ਅਧਿਆਪਕਾਂ ਦੇ ਕਤਲ ਮਾਮਲੇ ਨੂੰ ਲੈ ਕੇ ਪਾਕਿਸਤਾਨ ਖ਼ਿਲਾਫ਼ ਜੰਮੂ ’ਚ ਵਿਰੋਧ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਸ਼੍ਰੀਨਗਰ ਵਿਚ 7 ਅਕਤੂਬਰ ਨੂੰ ਅੱਤਵਾਦੀਆਂ ਵਲੋਂ ਇਕ ਸਕੂਲ ਦੀ ਪਿ੍ਰੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਚੀਪਕ ਚੰਦ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਮਗਰੋਂ ਕਸ਼ਮੀਰ ਵਿਚ ਸਿੱਖ ਭਾਈਚਾਰੇ ’ਚ ਰੋਹ ਹੈ। ਕੱਲ੍ਹ ਸੁਪਿੰਦਰ ਕੌਰ ਦੀ ਲਾਸ਼ ਦਾ ਅੰਤਿਮ ਸੰਸਕਾਰ ਲਈ ਲੈ ਜਾਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋਇਆ। ਸ਼੍ਰੀਨਗਰ ਵਿਚ ਪ੍ਰਦਰਸ਼ਨ ਦੌਰਾਨ ‘ਦਿ ਰੈਸਿਸਟੈਂਸ ਫਰੰਟ’ ਅਤੇ ‘ਵੀ ਵਾਂਟ ਜਸਟਿਸ’ (ਸਾਨੂੰ ਇਨਸਾਫ਼ ਚਾਹੀਦਾ ਹੈ) ਖ਼ਿਲਾਫ਼ ਨਾਅਰੇ ਲਾਏ ਗਏ ਸਨ। ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸੁਪਿੰਦਰ ਕੌਰ ਦੇ ਅੰਤਿਮ ਸੰਸਕਾਰ ਵਿਚ ਹਿੱਸਾ ਲਿਆ। 

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ, ਪ੍ਰਿੰਸੀਪਲ-ਅਧਿਆਪਕ ਨੂੰ ਮਾਰੀ ਗੋਲੀ

ਦੱਸਣਯੋਗ ਹੈ ਕਿ ਸ਼੍ਰੀਨਗਰ ਦੇ ਈਦਗਾਹ ਸੰਗਮ ਇਲਾਕੇ ਵਿਚ ਵੀਰਵਾਰ ਨੂੰ ਅੱਤਵਾਦੀਆਂ ਨੇ ਇਕ ਸਰਕਾਰੀ ਸਕੂਲ ਦੀ ਪਿ੍ਰੰਸੀਪਲ ਸੁਪਿੰਦਰ ਕੌਰ ਸਮੇਤ ਇਕ ਅਧਿਆਪਕ ਦਾ ਕਤਲ ਕਰ ਦਿੱਤਾ ਸੀ। ਪ੍ਰਦਰਸ਼ਨ ਵਿਚ ਸ਼ਾਮਲ ਇਕ ਵਿਅਕਤੀ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਇਹ ਅੱਤਵਾਦ ਦਾ ਅੰਤ ਹੈ ਜਾਂ ਹੋਰ ਭਿਆਨਕ ਰੂਪ ਦੀ ਸ਼ੁਰੂਆਤ ਹੈ। ਸਰਕਾਰ ਨੂੰ ਇਸ ਮਾਮਲੇ ਨੂੰ ਵੇਖਣਾ ਚਾਹੀਦਾ ਹੈ ਅਤੇ ਇੱਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ’ਤੇ ਕੰਮ ਕਰਨਾ ਚਾਹੀਦਾ ਹੈ। ਜਿਨ੍ਹਾਂ ਨੇ ਅਜਿਹਾ ਕੀਤਾ ਹੈ, ਉਹ ਇਨਸਾਨ ਨਹੀਂ ਹਨ। 

ਇਸ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਨੇ ਜੰਮੂ -ਕਸ਼ਮੀਰ ਵਿਚ ਨਾਗਰਿਕਾਂ ਦੇ ਕਤਲ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਘੱਟ ਗਿਣਤੀ ਦੀ ਸੁਰੱਖਿਆ ਦੀ ਮੰਗ ਕੀਤੀ। ਕਤਲ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਫਿਰਕੂ ਤਣਾਅ ਪੈਦਾ ਕਰਨ ਲਈ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
 


author

Tanu

Content Editor

Related News