ਕਿਸਾਨਾਂ ਨੂੰ ਨਹੀਂ ਮਿਲਣ ''ਤੇ ਪ੍ਰਿਯੰਕਾ ਗਾਂਧੀ ਨੇ PM ਮੋਦੀ ''ਤੇ ਵਿੰਨ੍ਹਿਆ ਨਿਸ਼ਾਨਾ
Sunday, Feb 20, 2022 - 06:08 PM (IST)
ਰਾਏਬਰੇਲੀ (ਵਾਰਤਾ)- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਇਕ ਸਾਲ ਤੋਂ ਵਧ ਸਮੇਂ ਤੱਕ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਰਹੇ ਕਿਸਾਨਾਂ ਨਾਲ ਮੁਲਾਕਾਤ ਨਹੀਂ ਕਰਨ ਲਈ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਪ੍ਰਿਯੰਕਾ ਨੇ ਰਾਏਬਰੇਲੀ ਦੇ ਜਗਤਪੁਰ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੁਨੀਆ ਭਰ 'ਚ ਗਏ ਪਰ ਉਨ੍ਹਾਂ ਦੇ ਘਰ ਤੋਂ 10 ਕਿਲੋਮੀਟਰ ਦੂਰ ਕਿਸਾਨ ਬੈਠੇ ਰਹੇ ਪਰ ਉਹ ਉੱਥੇ ਨਹੀਂ ਜਾ ਸਕੇ। ਜਦੋਂ ਚੋਣਾਂ 'ਚ 2 ਮਹੀਨੇ ਬਾਕੀ ਰਹਿ ਗਏ ਸਨ, ਉਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਇਕ ਵੱਡਾ ਮੁੱਦਾ ਬਣ ਜਾਵੇਗਾ, ਇਸ ਲਈ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਿਆ।
ਉਨ੍ਹਾਂ ਨੇ ਸਵਾਲ ਕੀਤਾ,''ਤੁਸੀਂ 700 ਕਿਸਾਨਾਂ ਨੂੰ ਮਰਨ ਕਿਉਂ ਦਿੱਤਾ? ਤੁਸੀਂ ਇਕ ਸਾਲ ਤੱਕ ਇੰਤਜ਼ਾਰ ਕਿਉਂ ਕੀਤਾ।'' ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ 'ਤੇ ਵੀ ਹਮਲਾ ਬੋਲਦੇ ਹੋਏ ਕਿਹਾ,''ਮੈਂ ਕਦੇ ਅਖਿਲੇਸ਼ ਯਾਦਵ ਨੂੰ ਆਪਣੇ ਘਰੋਂ ਬਾਹਰ ਨਿਕਲਦੇ ਨਹੀਂ ਦੇਖਿਆ। ਚੋਣਾਂ ਆਈਆਂ ਤਾਂ ਉਹ ਧਰੁਵੀਕਰਨ ਦੇ ਨਾਮ 'ਤੇ ਵੋਟ ਮੰਗਣ ਲਈ ਨਿਕਲ ਪਵੇ।'' ਉਨ੍ਹਾਂ ਕਿਹਾ ਕਿ ਕਾਂਗਰਸ ਉੱਤਰ ਪ੍ਰਦੇਸ਼ 'ਚ ਸੱਤਾ 'ਚ ਆਉਣ 'ਤੇ 100 ਦਿਨਾਂ ਅੰਦਰ ਸਰਕਾਰੀ ਨੌਕਰੀ ਦੇ 12 ਲੱਖ ਖ਼ਾਲੀ ਅਹੁਦਿਆਂ ਨੂੰ ਭਰੇਗੀ। ਉੱਤਰ ਪ੍ਰਦੇਸ਼ ਦੇ 16 ਜ਼ਿਲ੍ਹਿਆਂ ਦੀਆਂ ਕੁੱਲ 59 ਸੀਟਾਂ ਲਈ ਅੱਜ ਵੋਟਿੰਗ ਹੋਈ।